ਪੰਜਾਬ ਦੀ ਜਵਾਨੀ, ਕਿਸਾਨੀ ਤੇ ਪੰਥ ਨੂੰ ਢਾਹ ਬਾਦਲਾਂ ਨੇ ਲਾਈ : ਰਵਿੰਦਰ ਸਿੰਘ ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਤੇ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਨੂੰ ਖੰਘਣ ਨਹੀਂ ਦੇਵਾਂਗੇ

Ravinder Singh Brahmpura

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): 10 ਸਾਲਾਂ ਦੇ ਰਾਜ ਵਿਚ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਿੱਖ ਕੌਮ ਨੂੰ ਭਾਰੀ ਠੇਸ ਪਹੁੰਚਾਉਣ ਵਾਲੇ ਬਾਦਲਾਂ ਅਪਣੇ ਰਾਜ ਸਮੇਂ ਕਿਸਾਨੀ ਨੂੰ ਪ੍ਰਫੁੱਲਤ ਕਰਨ ਦੀ ਥਾਂ ਕਰਜ਼ਾਈ ਕੀਤਾ ਅਤੇ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਰਦਿਆਂ ਕਿਹਾ ਕਿ ਪੰਜਾਬ ਦਾ ਅਰਥਚਾਰਾ ਲੀਹੋ ਲੈ ਗਿਆ ਹੈ ਤੇ ਸੂਬੇ ਦੀ ਤਰਸਯੋਗ ਹਾਲਤ ਹੈ ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀਆਂ ਪਰਖੀਆਂ ਪਾਰਟੀਆਂ ਨੇ ਲੋਕਾਂ ਦੀ ਥਾਂ ਅਪਣੇ ਆਪ ਨੂੰ ਵਿਕਸਤ ਕੀਤਾ। ਵੱਖ-ਵੱਖ ਵਿਭਾਗਾਂ ਵਿਚ ਇਸ ਵੇਲੇ ਮਾਫ਼ੀਆ ਦਾ ਰਾਜ ਹੈ ਜਿਸ ਲਈ ਮੌਜੂਦਾ ਹਾਕਮ ਤੇ ਬਾਦਲ ਜ਼ੁੰਮੇਵਾਰ ਹਨ। ਰਵਿੰਦਰ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਪਹਿਲਾਂ ਉਹ ਕਿਥੇ ਸਨ ਜਦ ਉਹ ਕਿਸਾਨ ਮਾਰੂ ਖੇਤੀ ਆਰਡੀਨੈਂਸ ਦੀ ਹਮਾਇਤ ਕਰ ਰਹੇ ਸਨ। ਕਿਸਾਨੀ ਅੰਦੋਲਨ ਦਾ ਤਿੱਖਾ ਸੰਘਰਸ਼ ਵੇਖਦਿਆਂ ਹੀ ਇਨ੍ਹਾਂ ਸਿਰੇ ਦੀ ਡਰਾਮੇਬਾਜ਼ੀ ਕਰ ਕੇ ਬਾਦਲਾਂ ਦਾ ਭਾਜਪਾ ਨਾਲ ਗਠਜੋੜ ਤੋੜ ਲਿਆ।

ਉਨ੍ਹਾਂ ਕਿਹਾ ਕਿ ਇਹ ਵੋਟਾਂ ਖ਼ਾਤਰ ਕੁੱਝ ਵੀ ਕਰ ਸਕਦੇ ਹਨ। ਸ. ਬ੍ਰਹਮਪੁਰਾ ਦੋਸ਼ ਲਾਇਆ ਕਿ ਇਨ੍ਹਾਂ ਤਾਂ ਸੌਦਾ ਸਾਧ ਦੀਆਂ ਚੰਦ ਵੋਟਾਂ ਖ਼ਾਤਰ 'ਜਥੇਦਾਰਾਂ' ਕੋਲੋਂ ਚੰਡੀਗੜ੍ਹ ਸਰਕਾਰੀ ਰਿਹਾਇਸ਼ 'ਤੇ ਮਾਫ਼ੀ ਦਵਾ ਦਿਤੀ ਸੀ, ਤਾਂ ਫਿਰ ਇਹ ਹੁਣ ਕਿਸ ਮੂੰਹ ਨਾਲ  ਕਿਸਾਨਾਂ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਿਰਫ਼ ਵੋਟਾਂ ਖ਼ਾਤਰ ਹੋ ਰਿਹਾ ਹੈ। ਪੰਜਾਬ ਨੂੰ ਬਚਾਉਣ ਹੈ ਤਾਂ ਸੂਬੇ ਵਿਚ ਤੀਜਾ ਫ਼ਰੰਟ ਜ਼ਰੂਰ ਲਿਆਉਣਾ ਚਾਹੀਦਾ ਹੈ। ਪੰਜਾਬ ਦੀ ਸਿਆਸਤ ਤੇ ਬਾਦਲਾਂ ਨੂੰ ਖੰਘਣ ਨਹੀਂ ਦਿਆਂਗੇ, ਜਿਨ੍ਹਾਂ ਸਿੱਖ ਧਰਮ ਦਾ ਬੇੜਾ ਗਰਕ ਕੀਤਾ।