ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਲਿਆ ਨਿਸ਼ਾਨੇ 'ਤੇ, ਟਵੀਟ ਜਰੀਏ ਕੱਢੀ ਮਨ ਦੀ ਭੜਾਸ
ਕਿਸਾਨਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ
ਚੰਡੀਗੜ੍ਹ - ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨ ਅਤੇ ਕਈ ਸਿਆਸੀ ਪਾਰਟੀਆਂ ਲਗਾਤਾਰ ਵਿਰੋਧ ਕਰ ਰਹੀਆਂ ਹਨ ਤੇ ਹੁਣ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਿਆ ਹੈ।
ਭਗਵੰਤ ਮਾਨ ਨੇ ਟਵਿੱਟਰ ਜਰੀਏ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਖ਼ਿਲਾਫ਼ ਸਿਆਸੀ ਜੰਗ ਛੇੜ ਦਿੱਤੀ ਹੈ। ਕਿਸਾਨਾਂ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਤਿੰਨੇ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ।
ਭਗਵੰਤ ਮਾਨ ਨੇ ਟਵੀਟ ਜਰੀਏ ਸਿਆਸੀ ਪਾਰਟੀਆਂ ਖਿਲਾਫ਼ ਆਪਣੇ ਮਨ ਦੀ ਭੜਾਸ ਕੱਢੀ। ਭਗਵੰਤ ਮਾਨ ਦੇ ਇਹਨਾਂ ਟਵੀਟਸ 'ਤੇ ਕਈ ਲੋਕਾਂ ਨੇ ਉਹਨਾਂ ਨੂੰ ਟਰੋਲ ਵੀ ਕੀਤਾ ਤੇ ਕਈ ਉਹਨਾਂ ਦੇ ਹੱਕ ਵਿਚ ਵੀ ਨਿੱਤਰੇ।
ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਏ ਖੇਤੀ ਬਿੱਲ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਹਨ ਅਤੇ ਪੰਜਾਬ-ਹਰਿਆਣਾ 'ਚ ਇਸ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।
ਜਿੱਥੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਭਾਈਵਾਲ ਰਹੀ ਅਕਾਲੀ ਦਲ ਪਾਰਟੀ ਨੇ ਵੀ ਕੇਂਦਰ ਸਰਕਾਰ 'ਤੇ ਇਸ ਕਾਨੂੰਨ ਲਈ ਨਿਸ਼ਾਨਾ ਸਾਧਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵੀ ਲਗਾਤਾਰ ਪੰਜਾਬ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਘੇਰ ਰਹੀ ਹੈ।