ਕਿਸਾਨ ਖੇਤੀ ਕਾਨੂੰਨਾਂ 'ਤੇ ਵਿਰੋਧੀਆਂ ਦੇ ਹਮਲੇ ਦੇ ਜਵਾਬ 'ਚ ਦਿੱਲੀ ਭਾਜਪਾ ਕਰੇਗੀ ਟਰੈਕਟਰ ਪੂਜਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਖੇਤੀ ਕਾਨੂੰਨਾਂ 'ਤੇ ਵਿਰੋਧੀਆਂ ਦੇ ਹਮਲੇ ਦੇ ਜਵਾਬ 'ਚ ਦਿੱਲੀ ਭਾਜਪਾ ਕਰੇਗੀ ਟਰੈਕਟਰ ਪੂਜਾ

image

15 ਅਕਤੂਬਰ ਤਕ 365 ਪਿੰਡਾਂ ਨੂੰ ਕਵਰ

ਨਵੀਂ ਦਿੱਲੀ, 4 ਅਕਤੂਬਰ : ਦਿੱਲੀ ਪ੍ਰਦੇਸ਼ ਭਾਜਪਾ ਹਾਲ ਹੀ 'ਚ ਸੰਸਦ ਤੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ 'ਤੇ ਵਿਰੋਧੀਆਂ ਦੇ ਹਮਲਿਆਂ ਦੇ ਜਵਾਬ 'ਚ ਟਰੈਕਟਰ ਪੂਜਾ ਅਤੇ ਰੈਲੀਆਂ ਕਰੇਗੀ। ਪਾਰਟੀ ਆਗੂਆਂ ਨੇ ਦਸਿਆ ਕਿ 15 ਅਕਤੂਬਰ ਤਕ 365 ਪਿੰਡਾਂ ਨੂੰ ਕਵਰ ਕਰਨ ਵਾਲੀ ਮੁਹਿੰਮ ਦੀ ਤਿਆਰੀਆਂ 'ਤੇ ਸਨਿਚਰਵਾਰ ਨੂੰ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਦੀ ਬੈਠਕ 'ਚ ਚਰਚਾ ਕੀਤੀ ਗਈ।
 ਦਿੱਲੀ ਭਾਜਪਾ ਦੇ ਜਨਰਲ ਸਕੱਤਰ ਅਤੇ ਮੁਹਿੰਮ ਦੇ ਕਨਵੀਨਰ ਕੁਲਜੀਤ ਚਹਿਲ ਨੇ ਦਸਿਆ, 'ਮੋਦੀ ਸਰਕਾਰ ਵਲੋਂ ਹਾਲ ਹੀ ਪਾਸ ਬਿਲਾਂ ਨੂੰ ਲੈ ਕੇ ਕਾਂਗਰਸ ਅਤੇ ਹੋਰ ਪਾਰਟੀਆਂ ਕਿਵੇਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ, ਉਸਦਾ ਪਰਦਾਫਾਸ਼ ਕਰਨ ਲਈ ਟਰੈਕਟਰ ਪੂਜਾ ਅਤੇ ਟਰੈਕਟਰ ਰੈਲੀਆਂ ਅਹਿਮ ਹਿੱਸਾ ਹੋਣਗੀਆਂ।''
'ਕਿਸਾਨ ਵਿਰੋਧੀ' ਖੇਤੀਬਾੜੀ ਕਾਨੂੰਨਾ ਦੇ ਖ਼ਿਲਾਫ਼ 'ਸੋਮਵਾਰ ਨੂੰ ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ 'ਤੇ ਇਕ ਟਰੈਕਟਰ ਨੂੰ ਅੱਗ ਲਗਾ ਦਿਤੀ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੀਰੇਂਦਰ ਸਿੰਘ ਢਿੱਲੋਂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਜਪਾ ਨੇ ਕਾਂਗਰਸ 'ਤੇ ਮਾਹੌਲ ਨੂੰ ਖ਼ਰਾਬ ਕਰਨ ਅਤੇ ਟਰੈਕਟਰ ਸਾੜ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਚਹਿਲ ਨੇ ਕਿਹਾ, ''ਟਰੈਕਟਰ ਪੂਜਾ ਕਰ ਕੇ ਅਤੇ ਰੈਲੀਆਂ ਰਾਹੀਂ ਅਸੀਂ ਦਿਖਾਵਾਂਗੇ ਕਿ ਟਰੈਕਟਰ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਸਰੋਤ ਹੈ ਅਤੇ ਕਾਂਗਰਸ ਨੂੰ ਉਨ੍ਹਾਂ ਦੀ ਭਲਾਈ ਬਾਰੇ ਕੋਈ ਚਿੰਤਾ ਨਹੀਂ ਹੈ।''(ਪੀਟੀਆਈ)