ਸਿਵਲ ਹਸਪਤਾਲ ਦੇ ਮੁਲਾਜ਼ਮ ਅਤੇ ਉਸ ਦੀ ਵਾਕਫ਼ ਔਰਤ ਵਲੋਂ ਖ਼ੁਦਕੁਸ਼ੀ
ਸਿਵਲ ਹਸਪਤਾਲ ਦੇ ਮੁਲਾਜ਼ਮ ਅਤੇ ਉਸ ਦੀ ਵਾਕਫ਼ ਔਰਤ ਵਲੋਂ ਖ਼ੁਦਕੁਸ਼ੀ
ਸਮਰਾਲਾ, 4 ਅਕਤੂਬਰ (ਜਤਿੰਦਰ ਰਾਜੂ): ਅੱਜ ਇੱਥੇ ਸਥਾਨਕ ਸਿਵਲ ਹਸਪਤਾਲ ਦੇ ਮੁਲਾਜ਼ਮ ਤੇ ਉਸ ਦੀ ਜਾਣ-ਪਛਾਣ ਵਾਲੀ ਇਕ ਔਰਤ ਵਲੋਂ ਇਕੱਠੇ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਵਾਲੇ ਸਿਹਤ ਵਿਭਾਗ ਦੇ ਇਸ ਮੁਲਾਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ (40) ਵਜੋਂ ਹੋਈ ਹੈ, ਜਦੋਂਕਿ ਉਸ ਦੇ ਨਾਲ ਫਾਹਾ ਲੈ ਕੇ ਮਰਨ ਵਾਲੀ ਔਰਤ ਦੀ ਪਛਾਣ ਅਮਨਪ੍ਰੀਤ ਕੌਰ ਦੇ ਰੂਪ ਵਿਚ ਕੀਤੀ ਗਈ ਹੈ। ਦੋਵੇਂ ਜਣਿਆਂ ਨੇ ਪਿੰਡ ਬਾਲਿਓ ਵਿਖੇ ਗੁਰਪ੍ਰੀਤ ਸਿੰਘ ਦੇ ਘਰ ਇਸ ਘਟਨਾ ਨੂੰ ਅੰਜਾਮ ਉਸ ਵੇਲੇ ਦਿਤਾ। ਉਸ ਵੇਲੇ ਘਰ ਵਿਚ ਕੋਈ ਨਹੀਂ ਸੀ। ਹਾਲਾਂਕਿ ਗੁਰਪ੍ਰੀਤ ਸਿੰਘ ਅਪਣੇ ਸਹੁਰੇ ਪਿੰਡ ਘਰ ਜਵਾਈ ਦੇ ਰੂਪ ਵਿਚ ਰਹਿੰਦਾ ਸੀ, ਪਰ ਖ਼ੁਦਕੁਸ਼ੀ ਵਰਗਾ ਵੱਡਾ ਕਦਮ ਉਸ ਨੇ ਅਪਣੇ ਪਿੰਡ ਬਾਲਿਓ ਵਿਖੇ ਆ ਕੇ ਚੁੱਕਿਆ ਹੈ।
ਥਾਣਾ ਸਮਰਾਲਾ ਦੇ ਐਸਐਚਓ ਇੰਸਪੈਕਟਰ ਕੁਲਜੀਤ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਿਵਲ ਹਸਪਤਾਲ ਵਿਖੇ ਦਰਜਾ ਚਾਰ ਵਜੋਂ ਡਿਊਟੀ ਕਰਦਾ ਸੀ ਅਤੇ ਉਸ ਦੇ ਨਾਲ ਖ਼ੁਦਕੁਸ਼ੀ ਕਰਨ ਵਾਲੀ ਔਰਤ ਅਮਨਪ੍ਰੀਤ ਕੌਰ ਪਿੰਡ ਰਾਈਆ ਵਿਖੇ ਵਿਆਹੀ ਹੋਈ ਸੀ। ਅਮਨਪ੍ਰੀਤ ਕੌਰ ਅਕਸਰ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਆਉਂਦੀ ਸੀ। ਇਸ ਦਰਮਿਆਨ ਉਸ ਦੀ ਜਾਣ-ਪਛਾਣ ਗੁਰਪ੍ਰੀਤ ਸਿੰਘ ਨਾਲ ਹੋ ਗਈ। ਗੁਰਪ੍ਰੀਤ ਸਿੰਘ ਦੇ ਵਿਆਹ ਨੂੰ 10-11 ਸਾਲ ਹੋ ਗਏ ਸਨ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ।
ਅਮਨਪ੍ਰੀਤ ਕੌਰ ਦੇ ਵਿਆਹ ਨੂੰ ਅਜੇ 5 ਸਾਲ ਹੀ ਹੋਏ ਸਨ। ਉਸ ਦਾ ਦੋ ਸਾਲ ਦਾ ਇਕ ਬੱਚਾ ਵੀ ਹੈ। ਘਟਨਾ ਦੀ ਜਾਣਕਾਰੀ ਮਿਲਣ ਉਤੇ ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਗੁਰਪ੍ਰੀਤ ਸਿੰਘ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ, ਜਦਕਿ ਅਮਨਪ੍ਰੀਤ ਕੌਰ ਦੀ ਲਾਸ਼ ਹੇਠਾਂ ਪਈ ਸੀ। ਪੁਲਿਸ ਨੇ 174 ਅਧੀਨ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਵਾਰਸਾਂ ਹਵਾਲੇ ਕਰ ਦਿਤਾ ਹੈ।
ਫ਼ੋਟੋ : ਸਮਰਾਲਾ--ਸੁਸਾਇਡ