ਰਾਘਵ ਚੱਢਾ, ਹਰਪਾਲ ਚੀਮਾ, ਸੰਧਵਾਂ ਅਤੇ ਬਲਜਿੰਦਰ ਕੌਰ ਸਮੇਤ ‘ਆਪ’ ਦਾ ਵਫ਼ਦ ਲਖੀਮਪੁਰ ਲਈ ਰਵਾਨਾ

ਏਜੰਸੀ

ਖ਼ਬਰਾਂ, ਪੰਜਾਬ

ਰਾਘਵ ਚੱਢਾ, ਹਰਪਾਲ ਚੀਮਾ, ਸੰਧਵਾਂ ਅਤੇ ਬਲਜਿੰਦਰ ਕੌਰ ਸਮੇਤ ‘ਆਪ’ ਦਾ ਵਫ਼ਦ ਲਖੀਮਪੁਰ ਲਈ ਰਵਾਨਾ

image

ਚੰਡੀਗੜ੍ਹ, 4 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਨਿਰਦਈ ਕਤਲ ਮਾਮਲੇ ਦੀ ਸਖ਼ਤ ਨਿੰਦਾ ਕਰਦਿਆ ਕਿਹਾ,‘‘ਜਿਸ ਤਰ੍ਹਾਂ ਇਕ ਸਮੇਂ ਦੇ ਰਾਜੇ, ਮਹਾਰਾਜੇ ਅਤੇ ਅੰਗਰੇਜ਼ ਆਮ ਲੋਕਾਂ ਨੂੰ ਹਾਥੀ, ਘੋੜਿਆਂ ਨਾਲ ਕੁਚਲਦੇ ਸਨ। ਹੁਣ ਕੇਂਦਰ ਦੀ ਮੋਦੀ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿਚ ਅਤਿਆਚਾਰੀ ਅੰਗਰੇਜ਼ ਸ਼ਾਸਕਾਂ ਦੀ ਆਤਮਾ ਦਾਖ਼ਲ ਹੋ ਚੁੱਕੀ ਹੈ।’’
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੇ ਵਿਰੋਧ ਵਿਚ ‘ਆਪ’ ਦਾ ਇਕ ਵਫ਼ਦ ਲਖੀਮਪੁਰ ਖੀਰੀ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਵਫ਼ਦ ਵਿਚ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੀ ਸ਼ਾਮਲ ਹਨ। ਰਾਘਵ ਚੱਢਾ ਨੇ ਇਹ ਵੀ ਦਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ ਪਾਰਟੀ ਦੇ ਹੋਰ ਸਥਾਨਕ ਆਗੂਆਂ ਨਾਲ ਪਹਿਲਾਂ ਹੀ ਲਖੀਮਪੁਰ ਖੀਰੀ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਰਖਿਆ ਹੋਇਆ ਹੈ। ਰਾਘਵ ਚੱਢਾ ਨੇ ਕਿਹਾ ਕਿ ਲਖੀਮਪੁਰ ਖੀਰੀ ਜਾ ਕੇ ਪਾਰਟੀ ਦੇ ਵਫ਼ਦ ਵਲੋਂ ਪ੍ਰਮੁੱਖ ਮੰਗਾਂ ਰੱਖੀਆਂ ਜਾਣਗੀਆਂ। ਪਹਿਲੀ ਮੰਗ ਭਾਜਪਾ ਦੇ ਉਸ ਲਾਡਲੇ ਪੁੱਤ ਅਸ਼ੀਸ਼, ਜਿਸ ਨੇ ਅਪਣੇ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਦੇ ਰਸੂਖ ਵਿਚ ਚੂਰ ਹੋ ਕੇ ਕਿਸਾਨਾਂ ਦਾ ਕਤਲ ਕੀਤਾ ਉਸ ਨੂੰ ਗ੍ਰਿਫ਼ਤਾਰ ਕਰਾਉਣਾ। ਦੂਜੀ ਮੰਗ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਨੂੰ ਯਕੀਨਣ ਸਜ਼ਾ ਦਿਵਾਉਣ ਦੀ ਹੋਵੇਗੀ। ਨਿਰਪੱਖ ਜਾਂਚ ਲਈ ਤੀਜੀ ਮੰਗ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਾਉਣਾ ਕਿਉਂਕਿ ਪੁਲਿਸ ਗ੍ਰਹਿ ਮੰਤਰੀ ਦੇ ਅਧੀਨ ਹੁੰਦੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਬਣਨ ਤੋਂ ਹੀ ਕਿਸਾਨ ਸ਼ਾਂਤੀਪੂਰਕ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰ ਲਖੀਮਪੁਰ ਖੀਰੀ ਵਿਚ ਜਿਸ ਤਰਾਂ ਕਿਸਾਨਾਂ ਦੇ ਕਤਲ ਕੀਤੇ ਗਏ ਹਨ, ਭਾਜਪਾ ਸਰਕਾਰ ਦੇ ਮੱਥੇ ’ਤੇ ਇਹ ਕਾਲਾ ਦਿਨ ਲਿਖਿਆ ਜਾਵੇਗਾ। 
ਐਸਏਐਸ-ਨਰਿੰਦਰ-4-3