ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ, ਧਰਨੇ ’ਤੇ ਬੈਠੇ

ਏਜੰਸੀ

ਖ਼ਬਰਾਂ, ਪੰਜਾਬ

ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ, ਧਰਨੇ ’ਤੇ ਬੈਠੇ

image

ਲਖਨਊ, 5 ਅਕਤੂਬਰ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਪਹੁੰਚੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਉੱਥੇ ਰੋਕ ਦਿਤਾ ਗਿਆ। ਇਸ ਦੇ ਵਿਰੋਧ ਵਿਚ ਕਾਂਗਰਸ ਨੇਤਾ ਹਵਾਈ ਅੱਡੇ ਕੰਪਲੈਕਸ ’ਚ ਜ਼ਮੀਨ ’ਤੇ ਹੀ ਧਰਨੇ ’ਤੇ ਬੈਠ ਗਏ ਹਨ। ਓਧਰ ਲਖਨਊ ਦੇ ਪੁਲਿਸ ਕਮਿਸ਼ਨਰ ਡੀ. ਕੇ. ਠਾਕੁਰ ਨੇ ਦਸਿਆ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਲਖਨਊ ਹਵਾਈ ਅੱਡੇ ’ਤੇ ਦੁਪਹਿਰ ਕਰੀਬ ਪੌਣੇ 2 ਵਜੇ ਪਹੁੰਚੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ ਕਿਉਂਕਿ ਲਖੀਮਪੁਰ ਖੀਰੀ ਵਿਚ ਹਾਲਾਤ ਅਜੇ ਆਮ ਨਹੀਂ ਹਨ।
ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ। ਇਸ ਘਟਨਾ ਤੋਂ ਬਾਅਦ ਬਘੇਲ ਨੇ ਹਵਾਈ ਅੱਡੇ ’ਤੇ ਮੀਡੀਆ ਨੂੰ ਕਿਹਾ ਕਿ ਮੈਂ ਲਖੀਮਪੁਰ ਖੀਰੀ ਨਹੀਂ ਜਾ ਰਿਹਾ ਹਾਂ। ਮੈਂ ਉੱਤਰ ਪ੍ਰਦੇਸ਼ ਕਾਂਗਰਸ ਦਫ਼ਤਰ ਜਾਵਾਂਗਾ, ਜਿਥੇ ਮੈਨੂੰ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਤ ਕਰਨਾ ਹੈ। ਇਸ ਤੋਂ ਪਹਿਲਾਂ ਬਘੇਲ ਨੇ ਕਿਹਾ ਕਿ ਉਹ ਪਿ੍ਰਯੰਕਾ ਗਾਂਧੀ ਨੂੰ ਮਿਲਣ ਆਏ ਸਨ ਅਤੇ ਉਸ ਤੋਂ ਬਾਅਦ ਉੱਥੋਂ ਪਰਤਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਦਿਤਾ ਗਿਆ ਹੈ ਅਤੇ ਹੁਣ ਮੈਂ ਇਥੇ ਹੀ ਬੈਠਾਂ ਰਹਾਂਗਾ।    (ਏਜੰਸੀ)