ਪੰਜਾਬ ਰਾਜ ਭਵਨ ਅੱਗੇ ਧਰਨਾ ਦੇ ਰਹੇ ਨਵਜੋਤ ਸਿੱਧੂ ਤੇ ਕਈ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਰਾਜ ਭਵਨ ਅੱਗੇ ਧਰਨਾ ਦੇ ਰਹੇ ਨਵਜੋਤ ਸਿੱਧੂ ਤੇ ਕਈ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ

image

ਚੰਡੀਗੜ੍ਹ, 4 ਅਕਤੂਬਰ (ਗੁਰਉਪਦੇਸ਼ ਭੁੱਲਰ): ਅੱਜ ਇਥੇ ਲਖੀਮਪੁਰ ਵਿਚ ਕੇਂਦਰੀ ਰਾਜ ਮੰਤਰੀ ਦੇ ਬੇਟੇ ਵਲੋਂ ਗੱਡੀ ਹੇਠ ਕੁਚਲ ਕੇ ਕਿਸਾਨਾਂ ਦੀਆਂ ਕੀਤੀਆਂ ਹਤਿਆਵਾਂ ਦੇ ਵਿਰੋਧ ਵਿਚ ਪੰਜਾਬ ਰਾਜ ਭਵਨ ਅੱਗੇ ਧਰਨਾ ਦੇ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਈ ਵਿਧਾਇਕਾਂ ਸਮੇਤ ਹੋਰ ਕਈ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਸਾਰੰਗਪੁਰ ਥਾਣੇ ਬੰਦ ਕਰ ਦਿਤਾ।
ਸਿੱਧੂ ਨੇ ਅੱਜ ਅਚਾਨਕ ਹੀ ਬਿਨਾਂ ਕੋਈ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਚੰਡੀਗੜ੍ਹ ਵਿਚ ਰਾਜ ਭਵਨ ਵਲ ਕੂਚ ਕਰ ਦਿਤਾ। 
ਉਨ੍ਹਾਂ ਨਾਲ ਸ਼ਾਮਲ ਵਿਧਾਇਕਾਂ ਵਿਚ ਸੁਖਪਾਲ ਸਿੰਘ ਖਹਿਰਾ, ਫ਼ਤਿਹਜੰਗ ਬਾਜਵਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਪਿਰਮਲ ਸਿੰਘ ਖ਼ਾਲਸਾ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦੇ ਨਾਂ ਵਰਨਣਯੋਗ ਹਨ। 
ਇਨ੍ਹਾਂ ਨੇ ਰਾਜ ਭਵਨ ਅੱਗੇ ਧਰਨਾ ਲਾਉਣ ਬਾਅਦ ਮੋਦੀ ਤੇ ਯੋਗੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਦਿਤੀ। ਇਕ ਘੰਟੇ ਦੇ ਸਮੇਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਤੇ ਇਨ੍ਹਾਂ ਨੂੰ ਉਥੋਂ ਹਟਾਉਣ ਦਾ ਯਤਨ ਕੀਤਾ ਪਰ ਇਹ ਅੱਗੇ ਅੜ ਗਏ। ਇਸ ਤੋਂ ਬਾਅਦ ਪੁਲਿਸ ਨੇ ਤਾਕਤ ਦੀ ਵਰਤੋਂ ਕਰਦਿਆਂ ਜਬਰੀ ਧੂਹ ਘੜੀਸ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਧੂ ਤੇ ਹੋਰ ਆਗੂ ਕੇਂਦਰੀ ਮੰਤਰੀ ਤੇ ਉਸ ਦੇ ਬੇਟੇ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਦੀ ਵੀ ਨਿੰਦਾ ਕੀਤੀ ਗਈ। 
ਇਸੇ ਦੌਰਾਨ ਅੱਜ ਨਵਜੋਤ ਸਿੱਧੂ ਨੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੀ ਗ੍ਰਿਫ਼ਤਾਰੀ ਬਾਰੇ ਵੀ ਸਵੇਰੇ ਟਵੀਟ ਕਰਦਿਆਂ ਕਿਹਾ ਸੀ ‘ਹਿੰਮਤ ਤੇਰਾ ਨਾ ਹੈ ਪ੍ਰਿਯੰਕਾ ਗਾਂਧੀ’। ਅੱਜ ਸਿੱਧੂ ਨੇ ਲੰਮੇ ਸਮੇਂ ਬਾਅਦ ਸੜਕ ’ਤੇ ਉਤਰ ਕੇ ਜ਼ੋਰਦਾਰ ਰੋਸ ਦਾ ਪ੍ਰਗਟਾਵਾ ਕੀਤਾ ਹੈ।