ਪੰਜਾਬ ਡਰੱਗ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ, ਸਿਆਸਤਦਾਨਾਂ ਖ਼ਿਲਾਫ਼ ਹੋ ਸਕਦੇ ਨੇ ਵੱਡੇ ਖੁਲਾਸੇ!

ਏਜੰਸੀ

ਖ਼ਬਰਾਂ, ਪੰਜਾਬ

ਕੀ 13 ਅਕਤੂਬਰ ਨੂੰ ਖੁੱਲ੍ਹੇਗੀ ਡਰੱਗ ਮਾਮਲੇ ਸਬੰਧੀ ਬੰਦ ਲਿਫ਼ਾਫ਼ਾ ਪਈ ਰਿਪੋਰਟ?

Punjab Drug Case

 

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੰਗਲਵਾਰ ਨੂੰ ਪੰਜਾਬ ਦੇ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਣ ਜਾ ਰਹੀ ਹੈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਨਵੰਬਰ 'ਚ ਤੈਅ ਕੀਤੀ ਗਈ ਸੀ।

STF

ਇਸ ਕੇਸ ਦੀ ਜਲਦੀ ਸੁਣਵਾਈ ਸਬੰਧੀ ਵਕੀਲ ਨਵਕਿਰਨ ਸਿੰਘ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਏ. ਐੱਸ. ਮਸੀਹ 'ਤੇ ਆਧਾਰਿਤ ਬੈਂਚ ਵੱਲੋਂ ਕੀਤੀ ਜਾਵੇਗੀ। ਇਸ ਸੁਣਵਾਈ ਦੌਰਾਨ ਐਸ. ਟੀ. ਐੱਫ. ਦੀ ਸੀਲਬੰਦ ਰਿਪੋਰਟ ਖੁੱਲ੍ਹਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਸਵੇਰੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਕਿਹਾ ਸੀ

ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ਕਰੀਬ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਖੁੱਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਇਹ ਰਿਪੋਰਟ ਨਸ਼ੇ ਦੇ ਕਾਰੋਬਾਰੀਆਂ ਦਾ ਭੇਤ ਖੋਲ੍ਹੇਗੀ। ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅਦਾਲਤ ਵੱਲੋਂ ਨਸ਼ਾ ਕਾਰੋਬਾਰੀਆਂ ਦੇ ਨਾਂ ਨਸ਼ਰ ਕਰਨ 'ਤੇ ਇਹ ਪੰਜਾਬ ਦੀ ਪੀੜਤ ਜਵਾਨੀ ਅਤੇ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ।