ਜੇਲ੍ਹ 'ਚ ਬੰਦ ਕੈਦੀ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹਥਿਆਰ ਤੇ ਗੋਲਾ ਬਾਰੂਦ, ਪੁੱਛ-ਗਿੱਛ ਦੋਰਾਨ ਕੀਤੇ ਹੈਰਾਨੀਜਨਕ ਖ਼ੁਲਾਸੇ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਵਲੋਂ ਡਰੋਨ ਰਾਹੀ ਸੁੱਟੇ ਗਏ ਗੈਰ-ਕਾਨੂੰਨੀ ਹਥਿਆਰਾਂ ਨੂੰ ਚੁੱਕਣ ਲਈ ਰਤਨਬੀਰ ਸਿੰਘ ਜਿਲ੍ਹਾ ਤਰਨਤਾਰਨ ਦੀ ਮਦਦ ਲਈ

amritsar

 

ਅੰਮ੍ਰਿਤਸਰ: ਪਾਕਿਸਤਾਨ ਵਲੋਂ ਹਮੇਸ਼ਾ ਹੀ ਪੰਜਾਬ ’ਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿਚ ਪੰਜਾਬ ਪੁਲਿਸ ਨੇ ਪਾਕਿਸਤਾਨ ਵਲੋਂ ਡਰੋਨ ਦੀ ਮਦਦ ਨਾਲ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਮੱਗਲਿੰਗ ਦੇ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸੰਬੰਧ ’ਚ ਪੁਲਿਸ ਨੇ ਮੁਲਜ਼ਮ ਜਸਕਰਨ ਸਿੰਘ ਵਾਸੀ ਕਾਜ਼ਚੱਕ ਹਾਲ ਜ਼ਿਲ੍ਹਾਂ ਤਰਨਤਾਰਨ ਨੂੰ ਮੁਕੱਦਮਾ ਨੰਬਰ 25 ਦੇ ਤਹਿਤ 14-08-2022 ਨੂੰ ਸਬ-ਜੇਲ੍ਹ ਗੋਇੰਦਵਾਲ ਸਾਹਿਬ ਤੋਂ ਪ੍ਰੋਡਕਸ਼ਨ ਵਰੰਟ 'ਤੇ ਗ੍ਰਿਫਤਾਰ ਕਰ ਕੇ ਲਿਆਂਦਾ ਗਿਆ ਸੀ। ਉਸ ਨੇ ਅੰਮ੍ਰਿਤਸਰ ਦੇ ਡੀ.ਐਸ.ਪੀ ਬਲਬੀਰ ਸਿੰਘ ਨੂੰ ਪੁੱਛ-ਗਿੱਛ ਦੋਰਾਨ ਖ਼ੁਲਾਸਾ ਕੀਤਾ ਕਿ ਉਹ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਮੱਗਲਿੰਗ ਦਾ ਇੱਕ ਮਾਡਿਊਲ ਚਲਾ ਰਿਹਾ ਹੈ।

ਇਸ ਕੰਮ ਲਈ ਉਹ ਇੱਕ ਸਮਾਰਟ ਫੋਨ ਦੀ ਵਰਤੋਂ ਕਰਦਾ ਸੀ ਅਤੇ ਸਬ-ਜੇਲ੍ਹ ਗੋਇੰਦਵਾਲ ਸਾਹਿਬ ਤੋਂ ਵਟੱਸਐਪ ਰਾਹੀਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸੀ। ਪਾਕਿਸਤਾਨ ਵਲੋਂ ਡਰੋਨ ਰਾਹੀ ਸੁੱਟੇ ਗਏ ਗੈਰ-ਕਾਨੂੰਨੀ ਹਥਿਆਰਾਂ ਨੂੰ ਚੁੱਕਣ ਲਈ ਰਤਨਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੱਤੋਕੇ, ਜਿਲ੍ਹਾ ਤਰਨਤਾਰਨ ਦੀ ਮਦਦ ਲਈ ਸੀ। ਰਤਨਬੀਰ ਸਿੰਘ ਵੀ ਉਕਤ ਜਸਕਰਨ ਸਿੰਘ ਦੇ ਨਾਲ ਐਨ.ਡੀ.ਪੀ.ਐਸ. ਐਕਟ ਨਾਲ ਸਬੰਧਤ ਵੱਖ-ਵੱਖ ਮੁਕੱਦਮਿਆਂ ਵਿੱਚ ਸਹਿ ਮੁਲਜ਼ਮ ਹੈ ਅਤੇ ਮੌਜੂਦਾ ਸਮੇਂ ਜਮਾਨਤ 'ਤੇ ਹੈ।

 ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਵੱਲੋਂ ਇੰਸ: ਇੰਸਪੈਕਟਰ ਇੰਦਰਦੀਪ ਸਿੰਘ ਅਧੀਨ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਮੁ: ਨੰ: 30 ਮਿਤੀ 04-10-2022 ਅ/ਧ 25 ਅਸਲਾ ਐਕਟ, ਥਾਣਾ ਐਸ.ਐਸ.ਓ.ਸੀ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ।

ਜਸਕਰਨ ਸਿੰਘ ਨੇ ਦੱਸਿਆ ਕਿ ਉਸ ਨੇ ਸਬ-ਜੇਲ੍ਹ ਗੋਇੰਦਵਾਲ ਸਾਹਿਬ ਦੀ ਬੈਰਕ ਵਿੱਚ ਇੱਕ ਸਮਾਰਟ ਫੋਨ ਛੁਪਾਇਆ ਹੋਇਆ ਸੀ। ਜਿਸ 'ਤੇ ਸੀ.ਆਈ ਅੰਮ੍ਰਿਤਸਰ ਦੀ ਅਪਰੇਸ਼ਨ ਟੀਮ ਵੱਲੋਂ ਉਕਤ ਸਮਾਰਟ ਫੋਨ ਬਰਾਮਦ ਕੀਤਾ ਗਿਆ, ਜੋ ਉਸ ਵੱਲੋਂ ਤੋੜ ਕੇ ਛੁਪਾਇਆ ਹੋਇਆ ਸੀ। ਜਸਕਰਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਕਹਿਣ 'ਤੇ ਰਤਨਬੀਰ ਸਿੰਘ ਨੇ ਮਿਤੀ 28/29 ਸਤੰਬਰ-2022 ਦੀ ਦਰਮਿਆਨੀ ਰਾਤ ਨੂੰ ਹਥਿਆਰਾਂ ਦੀ ਇੱਕ ਖੇਪ ਚੁੱਕ ਕੇ ਤਰਨਤਾਰਨ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਪਿੱਦੀ ਦੇ ਨਜ਼ਦੀਕ ਛੁਪਾਅ ਕੇ ਰੱਖੀ ਹੋਈ ਸੀ।

ਅਪਰੇਸ਼ਨ ਟੀਮ, ਸੀ.ਆਈ. ਅੰਮ੍ਰਿਤਸਰ ਦੀ ਟੀਮ ਵੱਲੋਂ ਤਰਨਤਾਰਨ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਪਿੱਦੀ ਤੋਂ 05 ਪਿਸਟਲ .30 ਬੋਰ (ਚਾਈਨਾ ਮੋਡ) ਸਮੇਤ 04 ਵਾਧੂ ਮੈਗਜ਼ੀਨ ਬਰਾਮਦ ਕੀਤੇ ਗਏ। ਜਸਕਰਨ ਸਿੰਘ ਨੇ ਇਹ ਵੀ ਦੱਸਿਆ ਕਿ ਰਤਨਬੀਰ ਸਿੰਘ ਪਾਸ ਹਥਿਆਰਾਂ ਦੀ ਇੱਕ ਖੇਪ ਹੈ, ਜਿਸ 'ਤੇ ਕਾਰਵਾਈ ਕਰਦਿਆਂ ਹੋਇਆਂ ਉਕਤ ਰਤਨਬੀਰ ਸਿੰਘ ਨੂੰ ਖੇਮਕਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਵੱਲੋਂ ਕੀਤੇ ਗਏ ਖੁਲਾਸੇ ਦੇ ਅਧਾਰ 'ਤੇ 05 ਪਿਸਟਲ 9 ਐਮ.ਐਮ. (ਮੇਡ ਇੰਨ ਯੂ.ਐਸ.ਏ. ਬਰੇਟਾ) ਸਮੇਤ 04 ਵਾਧੂ ਮੈਗਜ਼ੀਨ ਬਰਾਮਦ ਕੀਤੇ ਗਏ, ਜੋ ਉਸ ਵੱਲੋਂ ਪਿੰਡ ਮਾਛੀਕੇ, ਥਾਣਾ ਖੇਮਕਰਨ ਵਿਖੇ ਡਰੇਨ ਦੇ ਨਜ਼ਦੀਕ ਛੁਪਾ ਕੇ ਰੱਖੇ ਹੋਏ ਸਨ।

ਉਕਤ ਮੁਕੱਦਮੇ ਵਿੱਚ ਹੁਣ ਤੱਕ 01 ਮੋਬਾਈਲ ਫੋਨ ਅਤੇ 10 ਵਿਦੇਸ਼ੀ ਪਿਸਟਲਾਂ ਸਮੇਤ 08 ਵਾਧੂ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਉਕਤ ਮੁਕੱਦਮੇ ਦੀ ਤਫਤੀਸ਼ ਜ਼ਾਰੀ ਹੈ।