Mohali News: ਪਿੰਡ ਵਾਲਿਆਂ ਦੀਆਂ 900 ਤੇ ਪ੍ਰਵਾਸੀਆਂ ਦੀਆਂ 6500 ਵੋਟਾਂ, ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News: ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਲਈ ਬਹੁਤ ਵੱਡਾ ਵੋਟ ਬੈਂਕ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਸੱਤ-ਅੱਠ ਹਜ਼ਾਰ ਦੇ ਕਰੀਬ ਹੈ

Village Jagatpura Mohali News

Village Jagatpura Mohali News: ਪੰਜਾਬ ਵਿਚ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕ ਭੱਬਾਂ ਪਾਰ ਹਨ। ਜਿਥੇ ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਉਥੇ ਕਈ ਪਿੰਡਾਂ ਵਿਚ ਲੋਕ ਵੋਟ ਪਾ ਕੇ ਨਵੀਂ ਪੰਚਾਇਤ ਚੁਣਗੇ। ਪਰ ਇਸ ਸਭ ਤੋਂ ਹਟ ਕੇ ਮੁਹਾਲੀ ਦਾ ਜਗਤਪੁਰਾ ਪਿੰਡ ਹੈ।

ਜਿਥੇ ਪੰਜਾਬੀ ਸਰਪੰਚ ਬਣਨਾ ਤਾਂ ਇਕ ਪਾਸੇ, ਪੰਚ ਬਣਨਾ ਵੀ ਮੁਸ਼ਕਲ ਹੋ ਰਿਹਾ ਹੈ। ਇੱਥੇ ਮੂਲ ਪੰਜਾਬੀ ਵਸਨੀਕਾਂ ਦੀਆਂ ਵੋਟਾਂ ਕੇਵਲ 900 ਦੇ ਕਰੀਬ ਹਨ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਦੱਸੀਆਂ ਜਾ ਰਹੀਆਂ ਹਨ। ਪਿੰਡ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਇਕ ਅੰਮ੍ਰਿਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਬਣਾਈ ਸੀ ਪਰ ਦੂਜੇ ਪਾਸੇ ਪ੍ਰਵਾਸੀਆਂ ਦੀਆਂ ਵੋਟਾਂ ਇੰਨੀਆਂ ਜ਼ਿਆਦਾ ਹਨ ਕਿ ਹੁਣ ਉਨ੍ਹਾਂ ਨੂੰ ਪੰਚ ਚੁਣਨਾ ਵੀ ਮੁਸ਼ਕਲ ਜਾਪਦਾ ਹੈ।

ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਨੇੜੇ ਪ੍ਰਵਾਸੀ ਮਜ਼ਦੂਰਾਂ ਦੀ ਇਕ ਬਹੁਤ ਵੱਡੀ ਕਲੋਨੀ ਵਸ ਰਹੀ ਸੀ, ਜਿਸ ਨੂੰ ਉੱਥੋਂ ਉਠਾ ਕੇ ਪਿੰਡ ਜਗਤਪੁਰਾ ਨੇੜੇ ਕੁਝ ਜ਼ਮੀਨ ਖ਼ਰੀਦ ਕੇ ਸਰਕਾਰ ਨੇ ਇਨ੍ਹਾਂ ਨੂੰ ਉੱਥੇ ਵਸਾ ਦਿੱਤਾ। ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਲਈ ਬਹੁਤ ਵੱਡਾ ਵੋਟ ਬੈਂਕ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਸੱਤ-ਅੱਠ ਹਜ਼ਾਰ ਦੇ ਕਰੀਬ ਹੈ। ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸਾਰੇ ਹੀ ਸਿਆਸੀ ਆਗੂ ਵੋਟਾਂ ਲੈਣ ਲਈ ਪਰਵਾਸੀਆਂ ਨੂੰ ਭਰਮਾਉਣ ਲੱਗ ਪੈਂਦੇ ਹਨ। ਕੁਝ ਸਿਆਸੀ ਲੋਕਾਂ ਦੇ ਸੁਆਰਥ ਦਾ ਖਮਿਆਜ਼ਾ ਹੁਣ ਪਿੰਡ ਦੇ ਮੂਲ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ।