ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਰਾਜਿੰਦਰ ਗੁਪਤਾ ਨੂੰ ਐਲਾਨਿਆ ਉਮੀਦਵਾਰ
24 ਅਕਤੂਬਰ ਨੂੰ ਰਾਜ ਸਭਾ ਲਈ ਹੋਣੀ ਹੈ ਚੋਣ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਰਾਜ ਸਭਾ ਲਈ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਰਾਜਿੰਦਰ ਗੁਪਤਾ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਹਨ। ਸੰਜੀਵ ਅਰੋੜਾ ਵਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਚ ਰਾਜ ਸਭਾ ਦੀ ਇਕ ਸੀਟ ਖ਼ਾਲੀ ਹੋ ਗਈ ਸੀ ਅਤੇ ਇਸ ਸੀਟ ਉਪਰ 24 ਅਕਤੂਬਰ ਨੂੰ ਚੋਣ ਹੋਣੀ ਹੈ। ਰਾਜ ਸਭਾ ਚੋਣ ਲਈ ਨਾਮਜ਼ਦਗੀਆਂ 6 ਤੋਂ 13 ਅਕਤੂਬਰ ਤੱਕ ਭਰੀਆਂ ਜਾਣਗੀਆਂ ਜਦਕਿ ਪੜਤਾਲ 14 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 16 ਅਕਤੂਬਰ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਰਾਜਿੰਦਰ ਗੁਪਤਾ ਵਲੋਂ ਆਰਥਿਕ ਅਤੇ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ (ਕੈਬਨਿਟ ਰੈਂਕ) ਅਤੇ ਮੰਦਿਰ ਸ੍ਰੀ ਕਾਲੀ ਦੇਵੀ ਮਾਤਾ ਦੀ ‘ਐਡਵਾਈਜ਼ਰੀ ਮੈਨੇਜਿੰਗ ਕਮੇਟੀ’ ਦੇ ਚੇਅਰਮੈਨ ਦੇ ਅਹੁਦੇ ਤੋਂ ਲੰਘੇ ਕੱਲ੍ਹ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬ ਸਰਕਾਰ ਵਲੋਂ ਇਨ੍ਹਾਂ ਅਸਤੀਫ਼ਿਆਂ ਨੂੰ ਪ੍ਰਵਾਨ ਵੀ ਕਰ ਲਿਆ ਗਿਆ। ਰਾਜਿੰਦਰ ਗੁਪਤਾ ਪਿਛਲੇ ਕਾਫ਼ੀ ਸਾਲਾਂ ਤੋਂ ਲਗਾਤਾਰ ਵੱਖ-ਵੱਖ ਸਰਕਾਰਾਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ।