ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਇਕ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਵਲੋਂ ਪੰਜਾਬ ਦੇ ਇਕ ਥਾਣੇ ਉਤੇ ਕੀਤੇ ਅਤਿਵਾਦੀ ਹਮਲੇ ਦੇ ਸਬੰਧ ’ਚ 11 ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਰਜ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਉਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.), ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਆਰਮਜ਼ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਚਾਰਜਸ਼ੀਟ ਪੰਜਾਬ ਦੇ ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਦਾਇਰ ਕੀਤੀ ਗਈ। ਇਸ ਮਾਮਲੇ ਵਿਚ ਪਛਾਣੇ ਗਏ 11 ਮੁਲਜ਼ਮ ਫਰਾਰ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਵਿਦੇਸ਼ੀ ਹੈਂਡਲਰਾਂ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ, ਮੰਨੂੰ ਅਗਵਾਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਵਾਸ਼ੇਰੀਅਨ ਨੇ ਇਸ ਸਾਲ 6 ਅਪ੍ਰੈਲ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਜਨਤਕ ਤੌਰ ਉਤੇ ਲਈ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਬਟਾਲਾ ਜ਼ਿਲ੍ਹੇ ਦੇ ਕਿਲ੍ਹਾ ਲਾਲ ਸਿੰਘ ਥਾਣੇ ਉਤੇ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ (ਆਰ.ਪੀ.ਜੀ.) ਹਮਲੇ ਨੂੰ ਬੀ.ਕੇ.ਆਈ. ਦੇ ਮੈਂਬਰਾਂ ਨੇ ਵਿਦੇਸ਼ੀ ਆਧਾਰਤ ਕਾਰਕੁਨਾਂ ਦੇ ਸਰਗਰਮ ਸਮਰਥਨ ਨਾਲ ਅੰਜਾਮ ਦਿਤਾ ਸੀ, ਜਿਸ ਦਾ ਉਦੇਸ਼ ਅਤਿਵਾਦ ਫੈਲਾਉਣਾ ਅਤੇ ਭਾਰਤ ਵਿਰੋਧੀ ਸਮੂਹਾਂ ਦੇ ਏਜੰਡੇ ਨੂੰ ਉਤਸ਼ਾਹਤ ਕਰਨਾ ਸੀ।
ਐਨ.ਆਈ.ਏ. ਨੇ ਮਈ ’ਚ ਸੂਬਾ ਪੁਲਿਸ ਤੋਂ ਇਹ ਮਾਮਲਾ ਅਪਣੇ ਹੱਥਾਂ ’ਚ ਲੈ ਲਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਾਜ਼ਸ਼ ਵਿਦੇਸ਼ੀ ਅਤਿਵਾਦੀ ਕਾਰਕੁਨਾਂ ਨੇ ਚਲਾਈ ਸੀ, ਜਿਨ੍ਹਾਂ ਨੇ ਪਰਵਾਰਕ ਸਬੰਧਾਂ ਅਤੇ ਹੋਰ ਕਮਜ਼ੋਰੀਆਂ ਦਾ ਫਾਇਦਾ ਉਠਾਇਆ ਸੀ। ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਰੁਧ ਅਤਿਵਾਦ ਫੈਲਾਉਣ ਲਈ ਪੰਜਾਬ ਦੇ ਨੌਜੁਆਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਲਈ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਕੀਤੀ। ਐਨ.ਆਈ.ਏ. ਫਰਾਰ ਲੋਕਾਂ ਅਤੇ ਹਮਲੇ ਵਿਚ ਸ਼ਾਮਲ ਕਿਸੇ ਹੋਰ ਅਣਪਛਾਤੇ ਸਾਜ਼ਸ਼ ਕਾਰਾਂ ਨੂੰ ਫੜਨ ਦੀ ਕੋਸ਼ਿਸ਼ ਵਿਚ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ।