Former minister ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਚਾਰ ਆਰੋਪੀਆਂ ਖਿਲਾਫ ਚਾਰਜਸ਼ੀਟ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਫਰਾਰ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ

Chargesheet filed against four accused in grenade attack on former minister Manoranjan Kalia's house

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ. ਏ) ਨੇ ਜਲੰਧਰ ’ਚ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਚਾਰ ਆਰੋਪੀਆਂ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਕੀਤੀ ਹੈ। ਗ੍ਰਿਫ਼ਤਾਰ ਆਰੋਪੀਆਂ ’ਚ ਸੈਦੁਲ ਅਮੀਨ (ਅਮਰੋਹਾ, ਯੂਪੀ) ਅਤੇ ਅਭਿਜੋਤ ਜਾਂਗੜਾ (ਕੁਰੂਕਸ਼ੇਤਰ ਹਰਿਆਣਾ) ਸ਼ਾਮਲ ਹੈ।

ਜਦਕਿ ਦੋ ਆਰੋਪੀ ਕੁਲਬੀਰ ਸਿੰਘ ਸਿੱਧੂ ਯਮੁਨਾਨਗਰ (ਹਰਿਆਣਾ) ਅਤੇ ਮਨੀਸ਼ ਉਰਫ਼ ਕਾਕਾ ਰਾਣਾ ਕਰਨਾਲ (ਹਰਿਆਣਾ) ਅਜੇ ਫਰਾਰ ਹਨ। ਸਾਰਿਆਂ ’ਤੇ ਯੂਏਪੀਏ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਨਆਈਏ ਜਾਂਚ ਅਨੁਸਾਰ ਇਹ ਮਾਮਲਾ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸੀ।

ਜ਼ਿਕਰਯੋਗ ਹੈ ਕਿ ਜਲੰਧਰ ’ਚ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲਾ 7 ਅਪ੍ਰੈਲ 2025 ਦੀ ਰਾਤ ਨੂੰ ਕੀਤਾ ਗਿਆ ਸੀ ਅਤੇ ਕੁੱਝ ਦਿਨਾਂ ਬਾਅਦ 12 ਅਪ੍ਰੈਲ ਨੂੰ ਐਨ.ਆਈ.ਏ. ਨੇ ਮਾਮਲੇ ਦੀ ਜਾਂਚ ਨੂੰ ਆਪਣੇ ਹੱਥਾਂ ’ਚ ਲਿਆ ਸੀ। ਜਾਂਚ ’ਚ ਖੁਲਾਸਾ ਹੋਇਆ ਕਿ ਕੁਲਬੀਰ ਸਿੰਘ ਜੋ ਗਰਮਖਿਆਲੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨ ਕੁਲਬੀਰ ਸਿੰਘ ਨੇ ਆਪਣੇ ਸਾਥੀ ਮਨੀਸ਼ ਉਰਫ ਕਾਕਾ ਰਾਣਾ ਨਾਲ ਮਿਲ ਕੇ ਪੰਜਾਬ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਆਮ ਜਨਤਾ ’ਚ ਡਰ ਪੈਦਾਾ ਕਰਨ ਲਈ ਅੱਤਵਾਦੀ ਗਿਰੋਹ ਬਣਾਇਆ ਸੀ, ਤਾਂ ਜੋ ਆਮ ਲੋਕਾਂ ਤੋਂ ਜਬਰਨ ਵਸੂਲੀ ਰਾਹੀਂ ਬੀਕੇਆਈ ਲਈ ਫੰਡ ਇਕੱਠਾ ਕੀਤਾ ਜਾ ਸਕੇ। ਮਨੀਸ਼ ਨੇ ਬਾਅਦ ਵਿੱਚ ਸੈਦੁਲ ਅਮੀਨ ਨੂੰ ਭਰਤੀ ਕੀਤਾ ਸੀ, ਜਿਸਨੇ ਉਸ ਰਾਤ ਨੂੰ ਗ੍ਰਨੇਡ ਸੁੱਟਿਆ ਸੀ ਅਤੇ ਇਹ ਗ੍ਰਨੇਡ ਕੁਲਬੀਰ ਸਿੰਘ ਨੇ ਮੁਹੱਈਆ ਕਰਵਾਇਆ ਸੀ। ਜਦਕਿ ਅਭਿਜੋ ਜਾਂਗੜਾ ਨੇ ਹਮਲੇ ਦੇ ਲਈ ਫੰਡ ਮੁਹੱਈਆ ਕਰਵਾਇਆ।

ਹਮਲੇ ਤੋਂ ਬਾਅਦ ਕੁਲਬੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਜਾਰੀ ਕਰਕੇ ਸਾਜ਼ਿਸ਼ ਦੀ ਜਿੰਮੇਵਾਰੀ ਲਈ ਸੀ। ਉਸਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਐਨ.ਆਈ. ਏ. ਨੇ ਦੱਸਿਆ ਕਿ ਕੁਲਬੀਰ ਸਿੰਘ ਨੂੰ ਇਸ ਤੋਂ ਪਹਿਲਾਂ ਅਪ੍ਰੈਲ 2024 ’ਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਦੇ ਮਾਮਲੇ ’ਚ ਚਾਰਜਸ਼ੀਟ ਕੀਤਾ ਜਾ ਚੁੱਕਿਆ ਹੈ। ਏਜੰਸੀ ਨੇ ਦੱਸਿਆ ਕਿ ਫਰਾਰ ਆਰੋਪੀਆਂ ਦੀ ਗ੍ਰਿਫ਼ਤਾਰੀ ਅਤੇ ਭਾਰਤ ’ਚ ਸਰਗਰਮ ਬੱਬਰ ਖਾਲਸਾ ਇੰਟਰਨੈਸ਼ਨਲ ਨੈਟਵਰਕ ਦੇ ਹੋਰ ਮੈਂਬਰਾਂ ਦੀ ਪਹਿਚਾਣ ਦੇ ਲਈ ਛਾਪੇਮਾਰੀ ਜਾਰੀ ਹੈ।

ਜ਼ਿਕਰਯੋਗ ਹੈ ਕਿ 7 ਅਪ੍ਰੈਲ 2025 ਦੀ ਰਾਤ ਨੂੰ ਜਲੰਧਰ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਗ੍ਰਨੇਡ ਸੁੱਟਿਆ ਗਿਆ ਸੀ। ਧਮਾਕਾ ਦੇਰ ਰਾਤ ਹੋਇਆ ਜਦਕਿ ਇਸ ’ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ। ਹਮਲੇ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਪੰਜਾਬ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਮਾਮਲਾ ਅੱਤਵਾਦੀ ਸਾਜ਼ਿਸ਼ ਨਾਲ ਜੁੜਿਆ ਪਾਇਆ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਐਨ.ਆਈ.ਏ. ਨੂੰ ਸੌਂਪ ਦਿਤਾ ਗਿਆ ਸੀ।