ਨੂੰਹ-ਪੁੱਤਰਾਂ ਦੇ ਕਹਿਰ ਦਾ ਸ਼ਿਕਾਰ ਹੋਈਆਂ ਦੋ ਮਾਵਾਂ ਨੇ ਰੋ-ਰੋ ਬਿਆਨ ਕੀਤਾ ਦਰਦ

ਏਜੰਸੀ

ਖ਼ਬਰਾਂ, ਪੰਜਾਬ

ਆਸ਼ਰਮ ਦਾ 'ਸਪੋਕਸਮੈਨ ਟੀਵੀ' ਦੀ ਟੀਮ ਵਲੋਂ ਦੌਰਾ ਕੀਤਾ ਗਿਆ

Birdh ashram Kotakpura visit by Spokesman TV team

ਕੋਟਕਪੂਰਾ : ਆਪਣਾ ਘਰ ਬਿਰਧ ਆਸ਼ਰਮ ਕੋਟਕਪੂਰਾ, ਜੋ ਕਿ ਵੀਰ ਜਲੰਧਰ ਸਿੰਘ ਦੀ ਯਾਦ ਨੂੰ ਸਮਰਪਤ ਹੈ, ਨੂੰ ਬਾਬਾ ਯੋਧ ਸ਼ਹੀਦ ਐਜੂਕੇਸ਼ਨਲ ਅਤੇ ਪਬਲਿਕ ਵੈਲਫ਼ੈਅਰ ਸੁਸਾਇਟੀ ਕੋਟਕਪੂਰਾ ਵਲੋਂ ਚਲਾਇਆ ਜਾ ਰਿਹਾ ਹੈ। ਇਸ ਆਸ਼ਰਮ ਦਾ 'ਸਪੋਕਸਮੈਨ ਟੀਵੀ' ਦੀ ਟੀਮ ਵਲੋਂ ਦੌਰਾ ਕੀਤਾ ਗਿਆ ਅਤੇ ਬਜ਼ੁਰਗਾਂ ਤੇ ਆਸ਼ਰਮ ਸੰਚਾਲਕਾਂ ਨਾਲ ਗੱਲਬਾਤ ਕੀਤੀ ਗਈ।

ਆਸ਼ਰਮ 'ਚ ਰਹਿ ਰਹੀ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਪੁੱਤ ਉਸ ਨੂੰ ਇਥੇ ਛੱਡ ਕੇ ਗਿਆ ਹੈ। ਘਰ 'ਚ ਜ਼ਮੀਨ ਦੀ ਵੰਡ ਲਈ ਹਮੇਸ਼ਾ ਲੜਾਈ-ਝਗੜਾ ਰਹਿੰਦਾ ਸੀ। ਨੂੰਹਾਂ ਵਲੋਂ ਰੋਜ਼ਾਨਾ ਕਿਸੇ ਨੇ ਕਿਸੇ ਗੱਲ 'ਤੇ ਉਸ ਨਾਲ ਲੜਾਈ-ਝਗੜਾ ਕੀਤਾ ਜਾਂਦਾ ਸੀ। ਉਹ ਅੱਜ ਆਪਣੀ ਇਸ ਹਾਲਤ ਲਈ ਆਪਣੇ ਕਰਮਾਂ ਨੂੰ ਹੀ ਦੋਸ਼ੀ ਮੰਨਦੀ ਹੈ। ਬਜ਼ੁਰਗ ਨੇ ਦੱਸਿਆ ਉਸ ਨੂੰ 20 ਤੋਂ ਵੱਧ ਦਿਨ ਆਸ਼ਰਮ 'ਚ ਰਹਿੰਦੇ ਹੋ ਗਏ ਹਨ, ਪਰ ਹੁਣ ਤਕ ਉਸ ਨੂੰ ਮਿਲਣ ਲਈ ਕੋਈ ਨਹੀਂ ਆਇਆ। 

ਇਕ ਹੋਰ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੂੰ ਆਸ਼ਰਮ 'ਚ ਰਹਿੰਦੇ ਦੋ ਸਾਲ ਹੋ ਗਏ ਹਨ। ਉਸ ਨੇ ਦੱਸਿਆ ਕਿ ਨੂੰਹ ਵਲੋਂ ਰੋਜ਼ਾਨਾ ਕੀਤੇ ਜਾਂਦੇ ਲੜਾਈ-ਝਗੜੇ ਅਤੇ ਪੁੱਤ ਦੀ ਨਾਲਾਇਕੀ ਕਾਰਨ ਉਸ ਨੂੰ ਇਸ ਆਸ਼ਰਮ 'ਚ ਰਹਿਣਾ ਪੈ ਰਿਹਾ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਬੇਟੇ ਤੇ ਨੂੰਹ ਨੇ ਘਰੋਂ ਕੱਢਿਆ ਸੀ ਤਾਂ ਪਹਿਲਾਂ ਉਹ ਆਪਣੀ ਵਿਆਹੀ ਕੁੜੀ ਦੇ ਘਰ ਚੰਡੀਗੜ੍ਹ 4-5 ਮਹੀਨੇ ਰਹੀ। ਫਿਰ ਇਸ ਆਸ਼ਰਮ ਬਾਰੇ ਪਤਾ ਕੀਤਾ ਅਤੇ ਇਥੇ ਚਲੀ ਆਈ।

ਆਸ਼ਰਮ 'ਚ ਪਿਛਲੇ 5 ਸਾਲ ਤੋਂ ਰਹਿ ਰਹੀ ਇਕ ਹੋਰ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਬਠਿੰਡੇ ਦੀ ਰਹਿਣ ਵਾਲੀ ਹੈ। ਉਸ ਦੇ ਇਕ ਬੇਟਾ-ਬੇਟੀ ਹਨ। ਬੇਟਾ ਤੇ ਉਸ ਦੀ ਨੂੰਹ ਉਸ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹਨ। ਉਹ ਉਸ ਨੂੰ ਰੋਟੀ ਵੀ ਨਹੀਂ ਦਿੰਦੇ ਸਨ, ਜਿਸ ਕਾਰਨ ਉਹ ਇਥੇ ਚਲੀ ਆਈ।

ਇਥੇ ਰਹਿ ਰਹੇ ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਅਤੇ ਦੋਵੇਂ ਨਾਲਾਇਕ ਨਿਕਲੇ। ਉਸ ਨੇ ਆਪਣੀ ਸਾਰੀ ਜ਼ਮੀਨ ਦੋਵੇਂ ਬੇਟਿਆਂ ਦੀ ਨਾਂ ਕਰ ਦਿੱਤੀ ਸੀ। ਕੁਝ ਦਿਨ ਬਾਅਦ ਉਸ ਨੂੰ ਅਧਰੰਗ ਹੋ ਗਿਆ ਸੀ ਅਤੇ ਉਹ ਮੰਜੇ 'ਤੇ ਪੈ ਗਿਆ। ਕੁਝ ਦਿਨ ਤਾਂ ਨੂੰਹਾਂ ਤੇ ਪੁੱਤਰਾਂ ਨੇ ਸੇਵਾ-ਸੰਭਾਲ ਕੀਤੀ ਪਰ ਫਿਰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੈਨੂੰ ਆਸ਼ਰਮ 'ਚ ਰਹਿਣ ਲਈ ਆਉਣਾ ਪਿਆ। ਉਸ ਨੂੰ ਇਥੇ ਰਹਿੰਦੇ ਸਾਢੇ 4 ਸਾਲ ਹੋ ਗਏ ਹਨ। ਇਸ ਨੂੰ ਤਾਂ ਰੱਬ ਦੀ ਭਾਣਾ ਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ, ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਦੇ ਬੱਚੇ ਅੱਜ ਤਕ ਉਸ ਨੂੰ ਮਿਲਣ ਨਹੀਂ ਆਏ।

ਆਸ਼ਰਮ 'ਚ ਸੇਵਾ ਕਰ ਰਹੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਇਥੇ ਰਹਿ ਰਿਹਾ ਹੈ। ਜਦੋਂ ਇਥੇ ਆਇਆ ਸੀ ਤਾਂ ਉਹ ਰੋਜ਼ਾਨਾ ਨਸ਼ੇ ਕਰਦਾ ਸੀ। ਹੌਲੀ-ਹੌਲੀ ਉਸ ਨੇ ਨਸ਼ੇ ਦੀ ਅਲਾਮਤ ਵੀ ਤਿਆਗ ਦਿੱਤੀ। ਇਸ ਮਗਰੋਂ ਆਸ਼ਰਮ ਸੰਚਾਲਕਾਂ ਨੇ ਉਸ ਦਾ ਵਿਆਹ ਵੀ ਕਰਵਾਇਆ ਅਤੇ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ।