ਸਪੋਕਸਮੈਨ ਦੀ ਖ਼ਬਰ ਨੇ ਮਿਲਾਈ ਧੀ ਨਾਲ ਵਿਛੜੀ ਬਜ਼ੁਰਗ ਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਛੜੀ ਮਾਂ ਨਾਲ ਮਿਲ ਧੀ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ

Older woman meet her family with help of Spokesman TV

ਕੋਟਕਪੂਰਾ : ਆਪਣਾ ਘਰ ਬਿਰਧ ਆਸ਼ਰਮ ਕੋਟਕਪੂਰਾ, ਜੋ ਕਿ ਵੀਰ ਜਲੰਧਰ ਸਿੰਘ ਦੀ ਯਾਦ ਨੂੰ ਸਮਰਪਤ ਹੈ, ਨੂੰ ਬਾਬਾ ਯੋਧ ਸ਼ਹੀਦ ਐਜੂਕੇਸ਼ਨਲ ਅਤੇ ਪਬਲਿਕ ਵੈਲਫ਼ੈਅਰ ਸੁਸਾਇਟੀ ਕੋਟਕਪੂਰਾ ਵਲੋਂ ਚਲਾਇਆ ਜਾ ਰਿਹਾ ਹੈ। ਇਸ ਆਸ਼ਰਮ ਦਾ 'ਸਪੋਕਸਮੈਨ ਟੀਵੀ' ਦੀ ਟੀਮ ਵਲੋਂ ਦੀਵਾਲੀ ਤੋਂ ਕੁਝ ਦਿਨ ਬਾਅਦ ਦੌਰਾ ਕੀਤਾ ਗਿਆ ਸੀ ਅਤੇ ਬਜ਼ੁਰਗਾਂ ਤੇ ਆਸ਼ਰਮ ਸੰਚਾਲਕਾਂ ਨਾਲ ਗੱਲਬਾਤ ਕੀਤੀ ਗਈ ਸੀ। ਇਸ ਦੌਰਾਨ 'ਸਪੋਕਸਮੈਨ ਟੀਵੀ' ਦੀ ਖ਼ਬਰ 'ਚ ਇਕ ਬਜ਼ੁਰਗ ਔਰਤ ਨੂੰ ਵੇਖ ਕੇ ਉਸ ਦਾ ਵਿਛੜਿਆ ਪਰਵਾਰ ਮਿਲ ਗਿਆ। 

ਇਸ ਬਾਰੇ ਫ਼ਤਿਹਾਬਾਅਦ (ਹਰਿਆਣਾ) ਵਾਸੀ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਪੋਕਸਮੈਨ ਟੀਵੀ ਵਲੋਂ ਜਾਰੀ ਕੀਤੀ ਵੀਡੀਓ ਵੇਖੀ ਸੀ। ਉਸ 'ਚ ਪਤਾ ਲੱਗਿਆ ਕਿ ਇਹ ਬਜ਼ੁਰਗ, ਜੋ ਉਨ੍ਹਾਂ ਦੀ ਭੂਆ ਲੱਗਦੀ ਹੈ, ਬਿਰਧ ਆਸ਼ਰਮ 'ਚ ਰਹਿ ਰਹੀ ਹੈ। ਉਨ੍ਹਾਂ ਨੇ ਤੁਰੰਤ ਆਸ਼ਰਮ ਦੇ ਸੰਚਾਲਕਾਂ ਦੇ ਮੋਬਾਈਲ ਨੰਬਰ 'ਤੇ ਸੰਪਰਕ ਕੀਤਾ ਅਤੇ ਬਜ਼ੁਰਗ ਔਰਤ ਨਾਲ ਉਨ੍ਹਾਂ ਦੇ ਪਰਵਾਰਕ ਸਬੰਧ ਬਾਰੇ ਦੱਸਿਆ। ਉਸ ਮਗਰੋਂ ਉਨ੍ਹਾਂ ਨੇ ਬਜ਼ੁਰਗ ਮਾਤਾ ਨਾਲ ਵੀ ਫ਼ੋਨ 'ਤੇ ਗੱਲਬਾਤ ਕੀਤੀ।

ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਦੇ ਬੇਟੇ ਅਤੇ ਨੂੰਹ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ, ਜਿਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਉਨ੍ਹਾਂ ਨੂੰ ਜਦੋਂ ਸਪੋਕਸਮੈਨ ਟੀਵੀ ਦੀ ਵੀਡੀਓ ਮਿਲੀ ਤਾਂ ਇਸ ਬਾਰੇ ਪਤਾ ਲੱਗਿਆ।

ਬਜ਼ੁਰਗ ਔਰਤ ਦੀ ਬੇਟੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਆਪਣੇ ਭਰਾ ਦੇ ਘਰ ਗਈ ਤਾਂ ਉਦੋਂ ਸੱਭ ਕੁਝ ਠੀਕ-ਠਾਕ ਸੀ। ਉਹ ਨੂੰ ਨਹੀਂ ਪਤਾ ਸੀ ਕਿ ਉਸ ਦੇ ਭਰਾ ਅਤੇ ਭਰਜਾਈ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਮਾਤਾ ਦੇ ਬਿਰਧ ਆਸ਼ਰਮ 'ਚ ਰਹਿਣ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਉਨ੍ਹਾਂ ਨੂੰ ਲੈਣ ਚਲੇ ਗਏ।

ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੂੰ ਬਹੁਤ ਖ਼ੁਸ਼ੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਆਪਣੇ ਮਾਪਿਆਂ ਨੂੰ ਘਰੋਂ ਕੱਢ ਦੇਣਾ ਬਹੁਤ ਮਾੜੀ ਗੱਲ ਹੈ। ਮਾਂ-ਪਿਓ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। 

ਆਸ਼ਰਮ ਮੁਖੀ ਬਾਬਾ ਗਰੀਬ ਦਾਸ ਨੇ ਦੱਸਿਆ ਕਿ ਉਹ ਆਸ਼ਰਮ 'ਚ ਰਹਿ ਰਹੇ ਗ਼ਰੀਬ ਬਜ਼ੁਰਗਾਂ ਦੀ ਸਾਰ ਲੈਣ ਵਾਲੇ 'ਸਪੋਕਸਮੈਨ ਟੀਵੀ' ਦਾ ਧਨਵਾਦ ਕਰਦੇ ਹਨ। ਇਕ ਬਜ਼ੁਰਗ ਨੂੰ ਆਪਣੇ ਪਰਵਾਰ ਨਾਲ ਮਿਲਾ ਕੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ, ਉਨ੍ਹਾਂ ਦਾ ਇਸ ਦੁਨੀਆਂ 'ਚ ਜਿਊਣ ਦੀ ਕੋਈ ਮਤਲਬ ਨਹੀਂ ਹੈ।