ਰੇਲਾਂ ਨੂੰ ਲੈ ਕੇ ਆਪਸ ‘ਚ ਉਲਝੀਆਂ ਸਿਆਸੀ ਧਿਰਾਂ, ਆਮ ਆਦਮੀ ਪਾਰਟੀ ਨੇ ਕੈਪਟਨ ‘ਤੇ ਚੁਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨੂੰ ਰੇਲਾਂ ਛੇਤੀ ਚਲਾਉਣ ਦੀ ਕੀਤੀ ਅਪੀਲ

Aam Aadmi Party Leaders

ਚੰਡੀਗੜ੍ਹ: ਪੰਜਾਬ ਅੰਦਰ ਮਾਲ ਗੱਡੀਆਂ ਦੀ ਆਮਦ ਰੁਕਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਸੱਤਾਧਾਰੀ ਧਿਰ ਭੱਜ-ਨੱਠ ਕਰਦੀ ਵਿਖਾਈ ਦੇ ਰਹੀ ਹੈ, ਉਥੇ ਹੀ ਹੁਣ ਇਸ ਮੁੱਦੇ ਨੂੰ ਲੈ ਕੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਮੁਖ ਮੰਤਰੀ ਦੀ ਅਗਵਾਈ ‘ਚ ਜੰਤਰ ਮੰਤਰ ਵਿਖੇ ਧਰਨਾ ਦਿਤਾ ਗਿਆ। ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨੇ ਰੇਲ ਮੰਤਰੀ ਨਾਲ ਮੀਟਿੰਗ ਕੀਤੀ ਹੈ ਜੋ ਬੇਸਿੱਟਾ ਰਹੀ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਪੰਜਾਬ 'ਚ ਮਾਲ ਗੱਡੀਆਂ ਚਲਾਉਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਾਂਗਰਸੀ ਸੰਸਦ ਦੀ ਥਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰੀ ਰੇਲ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਸਮੇਂ ਸਿਰ ਮੁਲਾਕਾਤ ਕਰਕੇ ਰੇਲਾਂ ਤੇ ਕਿਸਾਨਾਂ ਦਾ ਮਸਲਾ ਹੱਲ ਕਰਵਾ ਲੈਣਾ ਚਾਹੀਦਾ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਲਗਪਗ 3 ਮਹੀਨਿਆਂ ਤੋਂ  ਸੰਘਰਸ਼ ਕਰ ਰਹੀਆਂ ਹਨ। ਕੈਪਟਨ ਸਰਕਾਰ ਦੀ ਮੁੱਢਲੀ ਡਿਊਟੀ ਬਣਦੀ ਸੀ ਕਿ ਉਹ ਡਰਾਮੇਬਾਜ਼ੀ ਦੀ ਥਾਂ ਕੇਂਦਰ ਕੋਲ ਗੰਭੀਰਤਾ ਨਾਲ ਗੱਲਬਾਤ ਕਰ ਕੇ ਮਸਲੇ ਦਾ ਹੱਲ ਕੱਢਦੀ ਪਰ ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਤੋਂ ਕੋਈ ਢੁਕਵਾਂ ਕਦਮ ਨਹੀਂ ਚੁਕਿਆ ਜਿਸ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦਾ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਕੈਪਟਨ ਸਰਕਾਰ ਪੰਜਾਬ 'ਚ 'ਖ਼ੁਸ਼ਹਾਲ ਕਿਸਾਨ' ਦੇ ਬੋਰਡ ਲਗਾ ਕੇ ਖ਼ੁਦ ਦੀ ਮਸ਼ਹੂਰੀ ਕਰਨ 'ਚ ਮਸ਼ਰੂਫ ਹਨ ਜਦਕਿ ਕੇਂਦਰ ਸਰਕਾਰ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ। 'ਆਪ' ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿਤੀ ਕਿ ਉਹ ਬਤੌਰ ਮੁੱਖ ਮੰਤਰੀ ਸੂਬੇ ਦੇ ਕਿਸਾਨਾਂ ਦਾ ਮਸਲਾ ਛੇਤੀ ਹੱਲ ਕਰਾਉਣ। ਆਪ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਘੱਟੋ ਘੱਟ ਸਮਰਥਨ ਮੁਲ ‘ਤੇ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਿਵਾਉਣ ਤੇ ਜਾਂ ਫਿਰ ਸੂਬਾ ਸਰਕਾਰ ਐਮਐਸਪੀ ਮੁਤਾਬਕ ਖ਼ਰੀਦ ਦੀ ਗਰੰਟੀ ਖ਼ੁਦ ਲਵੇ।