12 ਵੱਜਦਿਆਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਭਰ 'ਚ ਆਵਾਜਾਈ ਕੀਤੀ ਠੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਗਵਾੜਾ-ਚੰਡੀਗੜ੍ਹ ਸੜਕ 'ਤੇ ਬਹਿਰਾਮ ਅਤੇ ਨਵਾਂਸ਼ਹਿਰ ਵਿਖੇ ਨਾਕੇ ਲਗਾ ਕੇ ਕਿਸਾਨਾਂ ਆਵਾਜਾਈ ਰੋਕੀ ਹੈ,

protest

ਚੰਡੀਗੜ੍ਹ - ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ  ਵੱਖ ਵੱਖ ਥਾਵਾਂ ਤੇ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਚਲਦੇ ਅੱਜ ਜਲੰਧਰ  'ਚ ਕਿਸਾਨਾਂ ਨੇ ਰੇਲ ਅਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਵਿਆਪੀ ਚੱਕਾ ਜਾਮ ਦੇ ਦਿੱਤੇ ਗਏ। ਪੰਜਾਬ ਦੇ ਸਾਰੇ ਕੌਮੀ ਅਤੇ ਰਾਜ ਮਾਰਗਾਂ 'ਤੇ ਸੈਂਕੜੇ ਥਾਵਾਂ 'ਤੇ ਕਿਸਾਨਾਂ ਨੇ ਧਰਨੇ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਹੈ। ਮਾਲਵਾ ਅਤੇ ਦੁਆਬਾ ਨੂੰ ਮਿਲਾਉਂਦੇ ਸਤਲੁਜ ਦਰਿਆ ਦੇ ਫਿਲੌਰ  ਪੁਲ 'ਤੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਕੇ ਧਰਨੇ 'ਤੇ ਬੈਠੇ ਹਨ।  

ਦੁਆਬਾ ਖੇਤਰ 'ਚ ਫਿਲੌਰ ਤੋਂ ਇਲਾਵਾ ਫਗਵਾੜਾ ਮੁੱਖ ਚੌਕ 'ਚ ਵੀ ਕਿਸਾਨਾਂ ਨੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਹੈ। ਫਗਵਾੜਾ-ਚੰਡੀਗੜ੍ਹ ਸੜਕ 'ਤੇ ਬਹਿਰਾਮ ਅਤੇ ਨਵਾਂਸ਼ਹਿਰ ਵਿਖੇ ਨਾਕੇ ਲਗਾ ਕੇ ਕਿਸਾਨਾਂ ਆਵਾਜਾਈ ਰੋਕੀ ਹੈ, ਜਦਕਿ ਜਲੰਧਰ-ਹੁਸ਼ਿਆਰਪੁਰ ਸੜਕ 'ਤੇ ਕਠਾਰ ਲਾਗੇ ਕਿਸਾਨਾਂ ਨੇ ਧਰਨਾ ਲਗਾਇਆ ਹੈ।

ਤਲਵੰਡੀ ਸਾਬੋ ਦੇ ਥਾਣਾ ਚੌਕ 'ਚ ਧਰਨਾ 
ਤਲਵੰਡੀ ਸਾਬੋ- ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਚੱਲ ਰਹੇ ਕਿਸਾਨ ਸੰਘਰਸ਼ ਦੀ ਲੜੀ 'ਚ ਕਿਸਾਨ ਜਥੇਬੰਦੀਆਂ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਥਾਣਾ ਚੌਕ 'ਚ ਵੀ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਆਸੀ ਪਾਰਟੀਆਂ ਦੇ ਵਰਕਰ ਸ਼ਮੂਲੀਅਤ ਕਰ ਰਹੇ ਹਨ।

ਅਜਨਾਲਾ ਧਰਨੇ 'ਚ ਪਹੁੰਚੀ ਗਾਇਕ ਮਹਿਤਾਬ ਵਿਰਕ ਤੇ  ਸੋਨੀਆ ਮਾਨ 
ਅਜਨਾਲਾ ਨੇੜੇ ਅੱਡਾ ਮਹਿਰ ਬੁਖ਼ਾਰੀ 'ਚ ਕਿਸਾਨ-ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਸੜਕੀ ਆਵਾਜਾਈ ਠੱਪ ਕਰ ਦਿੱਤੀ ਹੈ। ਇਸ ਦੌਰਾਨ ਕਿਸਾਨ-ਮਜ਼ਦੂਰ ਅਤੇ ਜਨਤਕ ਜਥੇਬੰਦੀਆਂ, ਜਿਨ੍ਹਾਂ 'ਚ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਸੰਘਰਸ਼ਸ਼ੀਲ ਲੇਖਕ ਸੰਘ ਵੀ ਸ਼ਾਮਿਲ ਹੈ। ਇਸ ਮੌਕੇ ਇੱਥੇ ਪੰਜਾਬ ਗਾਇਕ ਮਹਿਤਾਬ ਵਿਰਕ ਅਤੇ ਅਦਾਕਾਰਾ ਸੋਨੀਆ ਮਾਨ ਵੀ ਪਹੁੰਚੀ ਹੋਈ ਹੈ।

ਮਲੋਟ 'ਚ ਕਿਸਾਨਾਂ ਨੇ ਫ਼ਾਜ਼ਿਲਕਾ-ਦਿੱਲੀ ਹਾਈਵੇ ਕੀਤਾ ਜਾਮ
ਕਿਸਾਨ ਜਥੇਬੰਦੀਆਂ ਵਲੋਂ  ਮਲੋਟ ਵਿਖੇ ਸਾਂਝਾ ਮੰਚ ਵਲੋਂ ਦਿੱਲੀ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਲੋਟ ਜੀ. ਟੀ. ਰੋਡ ਸਥਿਤ ਰੇਲਵੇ ਓਵਰ ਬ੍ਰਿੱਜ ਸਾਹਮਣੇ ਪ੍ਰਦਰਸ਼ਨਕਾਰੀਆਂ ਨੇ ਜਾਮ ਲਾ ਦਿੱਤਾ ਹੈ। ਉੱਧਰ ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਵੀ ਕਿਸਾਨਾਂ ਵਲੋਂ ਅਬੋਹਰ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜਾਣ ਵਾਲੀਆਂ ਸੜਕਾਂ ਰੋਕ ਦਿੱਤੀਆਂ ਗਈਆਂ ਹਨ। ਮੰਚ ਦੇ ਕਨਵੀਨਰ ਸਤਪਾਲ ਮੋਹਲਾਂ ਨੇ ਦੱਸਿਆ ਕਿ ਸਮੂਹ ਜਥੇਬੰਦੀਆਂ ਇੱਕਜੁੱਟ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟ ਕੇ ਖੜ੍ਹੀਆਂ ਹਨ। 

ਨਸਰਾਲਾ ਪੈਟਰੋਲ ਪੰਪ 'ਤੇ ਧਰਨਾ
ਕਿਸਾਨਾਂ ਵਲੋਂ ਨਸਰਾਲਾ ਪੈਟਰੋਲ ਪੰਪ 'ਤੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰਦਿਆਂ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਕੀਤੀ ਗਈ। ਇਹ ਧਰਨਾ 4 ਘੰਟੇ ਲਈ ਲਗਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਗੁਰਬਿੰਦਰ ਸਿੰਘ ਖੰਘੂੜਾ ਦੀ ਅਗਵਾਈ 'ਚ ਲਗਾਏ ਇਸ ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਮੋਦੀ ਦੀ ਕੇਂਦਰ ਸਰਕਾਰ ਕਿਸਾਨਾਂ ਅਤੇ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਸ ਵੇਲੇ ਤੱਕ ਸਾਡੇ ਵਲੋਂ ਸ਼ਾਂਤ ਮਈ ਸੰਘਰਸ਼ ਜਾਰੀ ਰਹੇਗਾ।