ਕਿਸਾਨਾਂ ਨੇ ਪਰਚੇ ਦਰਜ ਕਰਨ ਆਏ ਸਰਕਾਰੀ ਅਮਲੇ ਫੈਲੇ ਨੂੰ ਖੇਤਾਂ ਚ ਪਾਇਆ ਘੇਰਾ
ਤਹਿਸੀਲਦਾਰ ਸਮੇਤ 21 ਮਾਲ ਪਟਵਾਰੀਆਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਬਿਠਾਇਆ
ਸੰਗਰੂਰ: ਝੋਨੇ ਦੀ ਪਰਾਲੀ ਫੂਕਣ ਸਬੰਧੀ ਕਾਰਵਾਈ ਕਰਨ ਆਏ ਪਟਵਾਰੀ ਸਮੇਤ ਅਮਲੇ ਫੈਲੇ ਨੂੰ ਬਹਾਦਰਪੁਰ ਦੇ ਖੇਤਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਘਿਰਾਓ ਕਰ ਕੇ ਕਿਸਾਨਾਂ ਨੇ ਰੋਕਿਆ ਹੋਇਆ ਹੈ। ਅੱਜ ਸਵੇਰੇ ਤਕਰੀਬਨ 8 ਵਜੇ ਜਿਉਂ ਹੀ ਕਿਸਾਨਾਂ ਨੇ ਖੇਤਾਂ ਚ ਪਟਵਾਰੀ ਨੂੰ ਘੁੰਮਦੇ ਦੇਖਿਆ ਤਾਂ ਫੌਰੀ ਕਿਸਾਨ ਆਗੂਆਂ ਨੂੰ ਇਤਲਾਹ ਦਿੱਤੀ ਗਈ ।ਉਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਪਟਵਾਰੀ ਨੂੰ ਘੇਰ ਲਿਆ ।ਪਟਵਾਰੀ ਨੂੰ ਛੁਡਾਉਣ ਆਏ ਬੀਡੀਪੀਓ ਸੰਗਰੂਰ ਲੈਨਿਨ ਗਰਗ ਸਮੇਤ 15 ਪੰਚਾਇਤ ਸੈਕਟਰੀ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਸਮੇਤ 21 ਮਾਲ ਪਟਵਾਰੀਆਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਬਿਠਾ ਲਿਆ ।
ਇਸ ਘਿਰਾਓ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਨੇ ਦੱਸਿਆ ਕਿ ਅੱਜ ਜਦੋਂ ਕਿਸਾਨ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਕਾਰਨ ਪਹਿਲਾਂ ਹੀ ਦੁਖੀ ਹਨ ਤਾਂ ਅਜਿਹੇ ਸਮੇਂ ਝੋਨੇ ਦੀ ਪਰਾਲੀ ਦਾ ਕੋਈ ਠੋਸ ਹੱਲ ਕਰਨ ਦੀ ਬਜਾਏ ਕਿਸਾਨਾਂ ‘ਤੇ ਪਰਚੇ ਦਰਜ ਕਰਕੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ। ਜੋ ਨਾ ਸਹਿਣਯੋਗ ਹਨ ।ਕਿਸੇ ਵੀ ਕਿਸਾਨ ਤੇ ਜੁਰਮਾਨਾ ਜਾਂ ਪਰਚਾ ਦਰਜ ਨਹੀਂ ਹੋਣ ਦਿੱਤਾ ਜਾਵੇਗਾ