12 ਨਵੰਬਰ ਨੂੰ ਜ਼ੋਨਲ ਰੈਲੀ ਤੇ 26 ਨਵੰਬਰ ਨੂੰ ਹੋਵੇਗਾ ਬੱਸਾਂ ਦਾ ਚੱਕਾ ਜਾਮ 

ਏਜੰਸੀ

ਖ਼ਬਰਾਂ, ਪੰਜਾਬ

6 ਡਿਪੂਆਂ ਦੇ ਕਾਮੇ ਹਿੱਸਾ ਲੈਣਗੇ ਜ਼ੋਨਲ ਰੈਲੀ 'ਚ

Farmers Protest

ਚੰਡੀਗੜ੍ਹ - ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਠੇਕਾ ਕਾਮਿਆਂ ਨੇ ਬੱਸ ਅੱਡੇ 'ਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਲੰਬੇ ਅਰਸੇ ਤੋਂ ਮੰਗਾਂ ਮੰਨਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਦਕਿ ਇਸ ਦੇ ਉਲਟ ਰੋਡਵੇਜ਼ ਅਤੇ ਪਨਬੱਸ ਦਾ ਨਿੱਜੀਕਰਨ ਕਰਨ ਵੱਲ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬੁਲਾਰਿਆਂ ਦਾ ਕਹਿਣਾ ਹੈ ਕਿ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਹੈ। ਇਸ ਸਬੰਧੀ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੰਮ੍ਰਿਤਸਰ 'ਚ 12 ਨਵੰਬਰ ਨੂੰ ਜ਼ੋਨਲ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ 6 ਡਿਪੂਆਂ ਦੇ ਕਾਮੇ ਹਿੱਸਾ ਲੈਣਗੇ। ਉਥੇ ਹੀ 26 ਨਵੰਬਰ ਨੂੰ ਪੰਜਾਬ 'ਚ ਇਕ ਦਿਨੀਂ ਹੜਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਉਨ੍ਹਾਂ ਕਿਹਾ ਕਿ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧ 'ਚ ਮੰਗ-ਪੱਤਰ ਭੇਜਣ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਕਰਮਚਾਰੀਆਂ ਦੀ ਮੰਗਾਂ ਮੰਨਣ ਲਈ ਗੰਭੀਰ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦਾ ਨਿੱਜੀਕਰਨ ਕਰਨ ਵੱਲ ਤੇਜ਼ੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਕਾਮਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਥੇ ਇਸ ਨਿੱਜੀਕਰਨ ਨਾਲ ਘੱਟ ਕਿਰਾਏ 'ਚ ਸਫਰ ਕਰਨ ਵਾਲੇ ਯਾਤਰੀਆਂ ਦੀਆਂ ਕਈ ਸਹੂਲਤਾਂ ਖ਼ਤਮ ਹੋ ਜਾਣਗੀਆਂ। ਇਸ ਨਾਲ ਲੋਕਾਂ ਨੂੰ ਬੱਸ ਪਾਸ ਬਣਵਾਉਣਾ ਮੁਸ਼ਕਿਲ ਹੋ ਜਾਵੇਗਾ ਅਤੇ ਘੱਟ ਮੁਸਾਫ਼ਿਰਾਂ ਵਾਲੇ ਰੂਟ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਸਫਰ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਲੋਕਾਂ ਨੂੰ ਵੀ ਇਸ ਅੰਦੋਲਨ ਵਿਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀਆਂ ਸਹੂਲਤਾਂ ਬਰਕਰਾਰ ਰਹਿ ਸਕਣ।