ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀ ਮੂਲ ਦੇ ਚਾਰ ਡੈਮੋਕ੍ਰੈਟਿਕ ਸਾਂਸਦ ਦੁਬਾਰਾ ਜਿੱਤੇ
ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀ ਮੂਲ ਦੇ ਚਾਰ ਡੈਮੋਕ੍ਰੈਟਿਕ ਸਾਂਸਦ ਦੁਬਾਰਾ ਜਿੱਤੇ
ਡਾਕਟਰ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੂੰ ਮਿਲੀ ਜਿੱਤ
ਵਾਸ਼ਿੰਗਟਨ, 4 ਨਵੰਬਰ : ਅਮਰੀਕੀ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡੈਮੋਕ੍ਰੈਟਿਕ ਪਾਰਟੀ ਦੇ ਟਿਕਟ 'ਤੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਚੋਣ ਲੜੇ ਭਾਰਤੀ ਮੂਲ ਦੇ ਚਾਰੇ ਉਮੀਦਵਾਰ ਜਿੱਤ ਗਏ ਹਨ। ਇਨ੍ਹਾਂ ਵਿਚ ਡਾਕਟਰ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਇਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਦੋਵੇਂ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਪਾਰਟੀਆਂ ਨੇ ਭਾਈਚਾਰੇ ਦੇ 18 ਲੱਖ ਵੋਟਰਾਂ ਨੂੰ ਖਿੱਚਣ ਲਈ ਕਈ ਕਦਮ ਚੁਕੇ ਕਿਉਂਕਿ ਫ਼ਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਟੈਕਸਾਸ ਅਤੇ ਪੈੱਨਸਿਲਵੇਨੀਆ ਜਿਹੇ ਸਖ਼ਤ ਮੁਕਾਬਲੇ ਵਾਲੇ ਸੂਬਿਆਂ ਵਿਚ ਜਿੱਤ ਲਈ ਭਾਈਚਾਰੇ ਦੀਆਂ ਵੋਟਾਂ ਅਹਿਮ ਹਨ।
ਭਾਰਤੀ ਮੂਲ ਦੇ ਸਾਂਸਦਾਂ ਦੇ ਸਮੂਹਾਂ ਨੂੰ ਕ੍ਰਿਸ਼ਨਾਮੂਰਤੀ ਗ਼ੈਰ ਰਮਸੀ ਤੌਰ 'ਤੇ 'ਸਮੋਸਾ ਕਾਕਸ' ਕਹਿੰਦੇ ਹਨ ਅਤੇ ਇਨ੍ਹਾਂ ਚੋਣਾਂ ਵਿਚ ਇਸ ਸਮੂਹ ਵਿਚ ਘੱਟੋ-ਘਟ ਇਕ ਮੈਂਬਰ ਦੇ ਵਾਧੇ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਡਾਕਟਰ ਹੀਰਲ ਤਿਪਿਰਨੇਨੀ ਐਰੀਜ਼ੋਨਾ ਦੇ 6ਵੇਂ ਕਾਂਗਰਸ ਚੋਣ ਖੇਤਰ ਵਿਚ ਰੀਪਬਲਕਿਨ ਉਮੀਦਵਾਰ ਡੇਵਿਡ ਸ਼ੇਕਰਟ 'ਤੇ ਆਖ਼ਰੀ ਸੂਚਨਾ ਮਿਲਣ ਤਕ ਬੜਤ ਬਣਾਏ ਹੋਏ ਹਨ। ਜੇਕਰ 52 ਸਾਲਾ ਹੀਰਲ ਚੁਣੀ ਜਾਂਦੀ ਹੈ ਤਾਂ ਪ੍ਰਤੀਨਿਧੀ ਸਭਾ ਪਹੁੰਚਣ ਵਾਲੀ ਭਾਰਤੀ ਮੂਲ ਦੀ ਦੂਜੀ ਔਰਤ ਹੋਵੇਗੀ। ਪ੍ਰਮਿਲਾ ਜੈਪਾਲ ਭਾਰਤੀ ਮੂਲ ਦੀ ਪਹਿਲੀ ਔਰਤ ਹੈ ਜੋ 2016 ਵਿਚ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਸੀ। ਸਮੋਸਾ ਕਾਕਸ' ਵਿਚ ਇਸ ਸਮੇਂ ਪੰਜ ਭਾਰਤੀ-ਅਮਰੀਕੀ ਸਾਂਸਦ ਹਨ ਜਿਨਾਂ ਵਿਚ ਚਾਰ ਪ੍ਰਤੀਨਿਧੀ ਸਭਾ ਦੇ ਮੈਂਬਰ ਹਨ ਜਦਕਿ ਪੰਜਵੀਂ ਮੈਂਬਰ ਸੈਨੇਟਰ ਕਮਲਾ ਹੈਰਿਸ ਹਨ। ਹੈਰਿਸ ਇਨਾਂ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ। ਕ੍ਰਿਸ਼ਨਾਮੂਰਤੀ (47) ਨੇ ਆਸਾਨੀ ਨਾਲ ਲਿਬਰਟੇਰਿਯਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿਤਾ। ਆਖ਼ਰੀ ਸੂਚਨਾ ਮਿਲੇ ਜਾਣ ਤਕ ਉਨ੍ਹਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਦੇ ਕਰੀਬ 71 ਫ਼ੀ ਸਦੀ ਵੋਟ ਮਿਲ ਚੁਕੇ ਸਨ। ਰੋ ਖੰਨਾ ਨੇ ਆਸਾਨੀ ਨਾਲ ਅਪਣੇ ਭਾਰਤੀ ਮੂਲ ਦੇ ਵਿਰੋਧੀ ਅਤੇ ਰੀਪਬਲਕਿਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ (48) ਨੂੰ ਹਰਾਇਆ। ਉਨ੍ਹਾਂ ਨੇ ਕਰੀਬ 50 ਫ਼ੀ ਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ। ਖੰਨਾ ਲਗਾਤਾਰ ਤੀਜੀ ਵਾਰ ਕੈਲੀਫ਼ੋਰਨੀਆ ਦੇ 17ਵੇਂ ਕਾਂਗਰਸ ਚੋਣ ਖੇਤਰ ਤੋਂ ਜੇਤੂ ਬਣੇ ਹਨ। (ਪੀਟੀਆਈ)
'ਸਮੋਸਾ ਕਾਕਸ' ਵਿਚ ਸਭ ਤੋਂ ਸੀਨੀਅਰ ਮੈਂਬਰ ਡਾਕਟਰ ਐਮੀ ਬੇਰਾ (55) ਨੇ ਆਸਾਨੀ ਨਾਲ ਪੰਜਵੀਂ ਵਾਰ ਕੈਲੀਫ਼ੋਰਨੀਆ ਦੇ ਸਤਵੇਂ ਕਾਂਗਰਸ ਚੋਣ ਖੇਤਰ ਤੋਂ ਜਿੱਤ ਦਰਜ ਕੀਤੀ। ਭਾਰਤੀ ਮੂਲ ਦੀ ਅਮਰੀਕੀ ਕਾਂਗਰਸ (ਸੰਸਦ) ਮੈਂਬਰ ਪ੍ਰਮਿਲਾ ਜੈਪਾਲ ਹਾਊਸ ਆਫ਼ ਰੀਪ੍ਰੀਜੈਂਟੇਟਿਵ ਲਈ ਲਗਾਤਾਰ ਤੀਜੀ ਵਾਰ ਚੁਣੀ ਗਈ ਹੈ।