ਗੁਰਦਾਸਪੁਰ ’ਚ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਤੇ ਟਰਾਲੇ ਦੀ ਹੋਈ ਟੱਕਰ, ਦੋ ਦੋਸਤਾਂ ਦੀ ਮੌਤ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਨਜ਼ਦੀਕੀਆਂ ਨੇ ਦੱਸਿਆ ਕਿ ਹੀਰਾ ਮਸੀਹ ਅਤੇ ਸੁੱਚੇ ਦਾ ਆਪਸ ’ਚ ਬਹੁਤ ਪਿਆਰ ਸੀ
ਗੁਰਦਾਸਪੁਰ-ਅੱਜ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਰਿਆਰ ਬਾਈਪਾਸ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਦੋ ਮੋਟਰਸਾਈਕਲ ਸਵਾਰ ਦੋਸਤ ਇਕ ਟਰਾਲੇ ਦੀ ਲਪੇਟ ’ਚ ਆ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ ਹਨ। ਜਾਣਕਾਰੀ ਅਨੁਸਾਰ ਹੀਰਾ ਮਸੀਹ ਪੁੱਤਰ ਬਸ਼ੀਰ ਮਸੀਹ ਵਾਸੀ ਪਿੰਡ ਬੱਬੇਹਾਲੀ ਆਪਣੇ ਦੋਸਤ ਸੁੱਚਾ ਪੁੱਤਰ ਬੀਰਾ ਮਸੀਹ ਵਾਸੀ ਭੁੱਲੇ ਚੱਕ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਹ ਬਰਿਆਰ ਬਾਈਪਾਸ ’ਤੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਕਾਰਨ ਦੋਵੇਂ ਨੌਜਵਾਨ ਟਰਾਲੇ ਦੇ ਟਾਇਰਾਂ ਹੇਠ ਬੁਰੀ ਤਰ੍ਹਾਂ ਕੁਚਲੇ ਗਏ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਹੀਰਾ ਮਸੀਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਨਜ਼ਦੀਕੀਆਂ ਨੇ ਦੱਸਿਆ ਕਿ ਹੀਰਾ ਮਸੀਹ ਅਤੇ ਸੁੱਚੇ ਦਾ ਆਪਸ ’ਚ ਬਹੁਤ ਪਿਆਰ ਸੀ ਅਤੇ ਉਹ ਦੋਵੇਂ ਇਕ ਭੱਠੇ ’ਤੇ ਕੰਮ ਕਰਦੇ ਸਨ।