ਬਚਪਨ ਤੋਂ ਚਲ ਨਹੀਂ ਸਕਦੀਂ ਅਵਨੀਤ ਕੌਰ, ਗੰਭੀਰ ਬਿਮਾਰੀ ਨਾਲ ਹੈ ਪੀੜਤ, ਹੁਣ ਬੀਸੀਏ ਦੀ ਡਿਗਰੀ ਲੈ ਭਰੀ ਸਫ਼ਲਤਾ ਦੀ ਉਡਾਨ
ਮੇਰੇ ਨਾਲ ਨਾਲ ਮੇਰੇ ਮਾਤਾ-ਪਿਤਾ ਨੇ ਕਾਫੀ ਸੰਘਰਸ਼ ਕੀਤਾ ਸੀ।
ਚੰਡੀਗੜ੍ਹ: ਜੇਕਰ ਇਨਸਾਨ ਦੀ ਇੱਛਾ ਸ਼ਕਤੀ ਦ੍ਰਿੜ ਹੋਵੇ ਤਾਂ ਸਭ ਕੁੱਝ ਸੰਭਵ ਹੋ ਜਾਂਦਾ ਹੈ। ਅਜਿਹਾ ਹੀ ਕਰ ਦਿਖਾਇਆ ਹੈ 24 ਸਾਲ ਦੀ ਅਵਨੀਤ ਕੌਰ ਨੇ। ਉਹ Osteogenesis imperfecta ਤੋਂ ਗ੍ਰਸਤ ਹੈ। ਕੱਦ ਕਰੀਬ ਢਾਈ ਫੁੱਟ ਦਾ ਹੈ, ਭਾਰ 30 ਕਿਲੋ ਅਤੇ ਚਲ ਵੀ ਨਹੀਂ ਸਕਦੀ ਆਪਣੀ ਮਿਹਨਤ ਅਤੇ ਕੁੱਝ ਕਰ ਦਿਖਾਉਣ ਦੇ ਜਜ਼ਬੇ ਦੀ ਬਦੌਲਤ ਹੀ ਅਵਨੀਤ ਨੇ ਬੀਸੀਏ, ਬੀ-ਲਿਬ ਅਤੇ ਐਮ-ਲਿਬ ਦੀ ਡਿਗਰੀ ਹਾਸਲ ਕੀਤੀ ਹੈ, ਉਹ ਹੁਣ ਸਰਕਾਰੀ ਨੌਕਰੀ ਲਈ ਅਪਲਾਈ ਕਰ ਰਹੀ ਹੈ।
ਗਾਰਮੈਂਟ ਕਾਲਜ ਆਫ਼ ਕਾਮਰਸ ਐਂਡ ਬਿਜਨੈਸ ਐਡਮਿਨੀਸਟਰੇਸ਼ਨ ਸੈਕਟਰ-50 ਵਿਚ ਸ਼ੁੱਕਰਵਾਰ ਨੂੰ ਆਯੋਜਿਤ ਕਨਵੋਕੇਸ਼ਨ ਸੈਰੇਮਨੀ ਵਿਚ ਅਵਨੀਤ ਨੂੰ ਬੀਸੀਏ ਦੀ ਡਿਗਰੀ ਮਿਲੀ, ਉਨ੍ਹਾਂ ਨੇ 70 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ, ਡਿਗਰੀ ਲੈਣ ਸਮੇਂ ਅਵਨੀਤ ਵਹੀਲਚੇਅਰ ’ਤੇ ਬੈਠੀ ਸੀ, ਨਾਲ ਹੀ ਪਿਤਾ ਕੁਲਵਿੰਦਰ ਸਿੰਘ ਵੀ ਮੌਜੂਦ ਸਨ। ਪ੍ਰਿਸੀਪਲ ਪ੍ਰੋ. ਪੂਨਮ ਅਗਰਵਾਲ ਨੇ ਉਸ ਨੂੰ ਜ਼ਮੀਨ ਉੱਤੇ ਬੈਠ ਕੇ ਹੀ ਡਿਗਰੀ ਦਿੱਤੀ।
ਅਵਨੀਤ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਨਮ ਤੋਂ ਹੀ ਅਵਨੀਤ Osteogenesis imperfecta ਨਾਲ ਪੀੜਤ ਸੀ। ਇਸ ਬੀਮਾਰੀ ਵਿਚ ਬੱਚੇ ਦੀ ਹੱਡੀਆਂ ਇੰਨੀਆਂ ਸਾਫਟ ਹੋ ਜਾਂਦੀਆਂ ਹਨ ਕਿ ਉਹ ਬਹੁਤ ਜਲਦ ਫ੍ਰੈਕਚਰ ਹੋ ਜਾਂਦੀਆਂ ਹਨ। ਇਸ ਨਾਲ ਗ੍ਰਸਤ ਲੋਕ ਚਲ ਨਹੀਂ ਸਕਦੇ। ਅਵਨੀਤ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਜੋ ਬੇਟੀ ਪੈਦਾ ਹੋਈ ਸੀ ਉਹ ਵੀ ਇਸੇ ਬੀਮਾਰੀ ਨਾਲ ਪੀੜਤ ਸੀ, ਪਰ ਜਨਮ ਤੋਂ 9 ਮਹੀਨੇ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ।
ਅਵਨੀਤ ਜਦੋਂ ਮਾਂ ਦੇ ਪੇਟ ਵਿਚ ਸੀ ਤਾਂ ਡਾਕਟਰ ਨੇ ਅਲਟਰਾਸਾਊਂਡ ਵਿਚ ਦੱਸ ਦਿੱਤਾ ਸੀ ਇਸ ਬੱਚੇ ਨੂੰ ਵੀ ਉਹੀ ਦਿੱਕਤ ਹੋ ਸਕਦੀ ਹੈ। ਜਨਮ ਹੋਇਆ ਤਾਂ ਉਹ 2 ਕਿਲੋ 100 ਗ੍ਰਾਮ ਦੀ ਸੀ। ਬੱਚਿਆਂ ਦਾ ਸਕੈਲਪ 5-6 ਮਹੀਨੇ ਵਿਚ ਡੈਵਲਪ ਹੋ ਜਾਂਦਾ ਹੈ, ਉੱਥੇ ਹੀ ਅਵਨੀਤ ਦਾ 5-6 ਸਾਲ ਵਿਚ ਡੈਵਲਪ ਹੋਇਆ। ਉਹ ਚਲ ਨਹੀਂ ਸਕਦੀ, ਪਰ ਆਪਣੇ ਕਾਰਨਾਮਿਆਂ ਨਾਲ ਉੱਚੀ ਉਡਾਨ ਭਰ ਸਕਦੀ ਹੈ।
ਅਵਨੀਤ ਨੇ ਦੱਸਿਆ ਕਿ ਪਰਿਵਾਰ ਨੇ ਬਹੁਤ ਸਾਥ ਦਿੱਤਾ। ਸਕੂਲ ਹੋ ਜਾਂ ਕਾਲਜ ਉਸ ਨੂੰ ਹਮੇਸ਼ਾ ਸਹਿਯੋਗ ਦੇਣ ਵਾਲੇ ਅਧਿਆਪਕ ਮਿਲੇ ਹਨ। 2017 ਵਿਚ ਕਾਲਜ ਵਿਚ ਦਾਖ਼ਲਾ ਲਿਆ ਸੀ। ਕੁੱਝ ਸਮੇਂ ਕਲਾਸਾਂ ਉੱਪਰ ਦੀ ਮੰਜਿਲ ’ਤੇ ਲੱਗੀਆਂ ਪਰ ਬਾਅਦ ਵਿਚ ਉਸ ਨੂੰ ਦੇਖਦੇ ਹੋਏ ਕਾਲਜ ਅਥਾਰਿਟੀ ਨੇ ਪੂਰੀ ਕਲਾਸ ਨੂੰ ਗਰਾਊਂਡ ਫਲੋਰ ਉੱਤੇ ਸ਼ਿਫਟ ਕਰ ਦਿੱਤਾ
ਅਵਨੀਤ ਨੇ ਦੱਸਿਆ ਕਿ ਸਕੂਲ ਟਾਇਮ ਵਿਚ ਸਵੇਰੇ ਪਾਪਾ ਛੱਡ ਕੇ ਜਾਂਦੇ ਤੇ ਮਾਂ ਵਾਪਸ ਘਰ ਲੈ ਕੇ ਜਾਂਦੀ ਸੀ। ਮੇਰੇ ਨਾਲ ਨਾਲ ਮੇਰੇ ਮਾਤਾ-ਪਿਤਾ ਨੇ ਕਾਫੀ ਸੰਘਰਸ਼ ਕੀਤਾ ਸੀ।