ਲਿਫ਼ਾਫ਼ੇ 'ਚੋਂ ਮੌਕੇ 'ਤੇ ਪ੍ਰਧਾਨ ਕੱਢੇ ਜਾਣ ਦੀ ਥਾਂ ਇਸ ਵਾਰ ਸੁਖਬੀਰ ਬਾਦਲ ਨੇ 5 ਦਿਨ ਪਹਿਲਾਂ ਧਾਮੀ ਨੂੰ ਮੁੜ ਉਮੀਦਵਾਰ ਐਲਾਨਿਆ

ਏਜੰਸੀ

ਖ਼ਬਰਾਂ, ਪੰਜਾਬ

ਲਿਫ਼ਾਫ਼ੇ 'ਚੋਂ ਮੌਕੇ 'ਤੇ ਪ੍ਰਧਾਨ ਕੱਢੇ ਜਾਣ ਦੀ ਥਾਂ ਇਸ ਵਾਰ ਸੁਖਬੀਰ ਬਾਦਲ ਨੇ 5 ਦਿਨ ਪਹਿਲਾਂ ਧਾਮੀ ਨੂੰ ਮੁੜ ਉਮੀਦਵਾਰ ਐਲਾਨਿਆ

image

 

ਚੰਡੀਗੜ੍ਹ, 4 ਨਵੰਬਰ (ਗੁਰਉਪਦੇਸ ਭੁੱਲਰ) : ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਦੀ 9 ਨਵੰਬਰ ਨੂੰ  ਹੋ ਰਹੀ ਚੋਣ ਤੋਂ ਪਹਿਲਾਂ ਉਠਾਏ ਗਏ ਲਿਫ਼ਾਫ਼ਾ ਕਲਚਰ ਦੇ ਮੁੱਦੇ ਦਾ ਵਿਵਾਦ ਭਖਣ ਬਾਅਦ ਸ਼ੋ੍ਰਮਣੀ ਅਕਾਲੀ ਦਲ 'ਚ ਇਕ ਨਵਾਂ ਮੋੜ ਆਇਆ ਹੈ | ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਤੋਂ 5 ਦਿਨ ਪਹਿਲਾਂ ਹੀ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ  ਮੁੜ ਪ੍ਰਧਾਨ ਪਦ ਦਾ ਉਮੀਦਵਾਰ ਐਲਾਨ ਦਿਤਾ ਹੈ |
ਭਾਵੇਂ ਧਾਮੀ ਦਾ ਪ੍ਰਧਾਨਗੀ ਉਮੀਦਵਾਰ ਲਈ ਨਾਂ ਤਾਂ ਪਹਿਲਾਂ ਹੀ ਤੈਅ ਸੀ ਅਤੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ  ਪਿਛਲੇ ਦਿਨਾਂ 'ਚ ਮਿਲ ਕੇ ਉਨ੍ਹਾਂ ਦੀ ਰਾਏ ਲੈਣ ਦਾ ਰਸਮੀ ਦਿਖਾਵਾ ਕੀਤਾ ਹੈ ਪਰ ਬਦਲਾਅ ਇਹ ਹੈ ਕਿ ਇਸ ਵਾਰ ਸ਼ੋ੍ਰਮਣੀ ਕਮੇਟੀ ਦੀ ਚੋਣ 'ਚ ਲਿਫ਼ਾਫ਼ਾ ਕਲਚਰ ਖ਼ਤਮ ਹੋ ਗਿਆ ਹੈ | ਪਹਿਲਾਂ ਪ੍ਰਧਾਨ ਦੀ ਚੋਣ ਸਮੇਂ ਐਨ ਮੌਕੇ ਉਪਰ ਹੀ ਪਾਰਟੀ ਪ੍ਰਧਾਨ ਵਲੋਂ ਲਿਆਂਦੇ ਲਿਫ਼ਾਫ਼ੇ 'ਚੋਂ ਪ੍ਰਧਾਨ ਦਾ ਨਾਂ ਸਾਹਮਣੇ ਲਿਆਂਦਾ ਜਾਂਦਾ ਹੈ | ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਚੋਣ ਤੋਂ ਪੰਜ ਦਿਨ ਪਹਿਲਾਂ ਹੀ ਐਡਵੋਕੇਟ ਧਾਮੀ ਨੂੰ  ਜਿਥੇ ਉਮੀਦਵਾਰ ਬਣਾ ਕੇ ਉਠ ਰਹੇ ਸਵਾਲਾਂ ਕਾਰਨ ਲਿਫ਼ਾਫ਼ਾ ਪ੍ਰਥਾ ਨੂੰ  ਬਦਲਣ ਦਾ ਦਿਖਾਵਾ ਕੀਤਾ ਹੈ | ਉਥੇ ਨਾਲ ਹੀ ਸੀਨੀਅਰ ਆਗੂ ਬੀਬੀ ਜਾਗੀਰ ਕੌਰ ਦੀ ਮੁਅੱਤਲੀ ਤੋਂ ਬਾਅਦ ਧਾਮੀ ਦਾ ਨਾਂ ਐਲਾਨ ਕੇ ਅਸਿੱਧੇ ਤੌਰ 'ਤੇ ਇਕ ਹੋਰ ਝਟਕਾ ਦੇ ਕੇ ਉਨ੍ਹਾਂ ਵਲੋਂ ਰੱਖੀ ਪ੍ਰਧਾਨਗੀ ਦੀ ਮੰਗ ਨੂੰ  ਵੀ ਰੱਦ ਕੀਤਾ ਹੈ |
ਅੱਜ ਹੀ ਬਾਅਦ 'ਚ ਸੁਖਬੀਰ ਬਾਦਲ ਲੇ ਇਕ ਵੀਡੀਉ ਸੰਦੇਸ਼ ਜਾਰੀ ਕਰ ਕੇ ਪਾਰਟੀ ਪ੍ਰਧਾਨ ਵਜੋਂ ਬੀਬੀ ਜਾਗੀਰ ਕੌਰ ਨੂੰ  ਧਾਮੀ ਦਾ ਸਮਰਥਨ ਕਰ ਕੇ ਮੈਦਾਨ 'ਚੋਂ ਬਾਹਰ ਹੋ ਜਾਣ ਲਈ ਆਖ਼ਰੀ ਅਪੀਲ ਵੀ ਕੀਤੀ ਹੈ | ਇਸ ਤੋਂ ਪਹਿਲਾਂ ਧਾਮੀ ਨੇ ਖੁਦ ਵੀ ਬੀਬੀ ਨੂੰ  ਸਮਰਥਨ ਦੇਣ ਦੀ ਅਪੀਲ ਕੀਤੀ ਭਾਵੇਂ ਕਿ ਨਾਲ ਹੀ ਬੀਬੀ ਦੇ ਪੱਖ 'ਚ ਕੁੱਝ ਆਗੂਆਂ ਵਲੋਂ ਮੈਂਬਰਾਂ ਦੀ ਖ਼ਰੀਦੋ ਫਰੋਖ਼ਤ ਦੀਆਂ ਕੋਸ਼ਿਸ਼ਾਂ ਦੇ ਵੀ ਗੰਭੀਰ ਦੋਸ਼ ਲਾਏ ਹਨ | ਇਸ 'ਚ ਇਕ ਅਕਾਲੀ ਵਿਧਾਇਕ ਤੇ ਕੁੱਝ ਹੋਰ ਅਕਾਲੀ ਆਗੂਆਂ ਦੇ ਸ਼ਾਮਲ ਹੋਣ ਦੀ ਵੀ ਗੱਲ ਆਖੀ ਗਈ ਹੈ | ਸੁਖਬੀਰ ਬਾਦਲ ਨੇ ਬੀਬੀ ਨੂੰ  ਖ਼ੁਦ ਅੰਤਿਮ ਅਪੀਲ ਕਰਦਿਆਂ ਕਿਹਾ ਕਿ ਆਪ ਪਾਰਟੀ ਦੇ ਸੀਨੀਅਰ ਅਤੇ ਪੁਰਾਣੇ ਆਗੂ ਹੋ ਅਤੇ ਆਪ ਨੂੰ  ਬੇਨਤੀ ਹੈ ਕਿ ਪਾਰਟੀ ਦੇ ਫ਼ੈਸਲੇ ਦਾ ਸਮਰਥਨ ਕਰੋ ਪਰ ਹੁਣ ਦੇਖਣਾ ਹੈ ਕਿ ਜਦੋਂ ਇਕ ਦੂਜੇ ਉਪਰ ਦੋਵੇਂ ਪਾਸਿਉਂ ਗੰਭੀਰ ਇਲਜ਼ਾਮਬਾਜ਼ੀਆਂ ਤੇ ਮੈਂਬਰਾਂ ਦੇ ਜੋੜ ਤੋੜ ਦੀਆਂ ਕੋਸ਼ਿਸ਼ਾਂ ਲਗਾਤਾਰ ਤੇਜ਼ ਹੋ ਚੁਕੀਆਂ ਹਨ ਤਾਂ ਬੀਬੀ ਅਪਣੇ ਸਟੈਂਡ ਬਾਰੇ ਅਗਲਾ ਕੀ ਕਦਮ ਲੈਂਦੇ ਹਨ | ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਮੁਤਾਬਕ ਅਗਰ ਬੀਬੀ ਸੁਖਬੀਰ ਦੀ ਅਪੀਲ ਬਾਅਦ ਵੀ ਅਪਣੇ ਸਟੈਂਡ 'ਤੇ ਅੜੇ ਰਹਿੰਦੇ ਹਨ ਤਾਂ ਇਕ ਜਾਂ ਦੋ ਦਿਨ ਅੰਦਰ ਹੀ ਉਨ੍ਹਾਂ ਨੂੰ  ਪਾਰਟੀ 'ਚੋਂ ਪੱਕੇ ਤੌਰ 'ਤੇ ਬਾਹਰ ਦਾ ਰਸਤਾ ਦਿਖਾਇਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ | ਅਨੁਸ਼ਾਸਨੀ ਕਮੇਟੀ ਨੂੰ  ਤਾਂ ਸਿਰਫ਼ ਪਾਰਟੀ ਪ੍ਰਧਾਨ ਦੇ ਇਸ਼ਾਰੇ ਦੀ ਉਡੀਕ ਹੈ |