ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ ਪਹੁੰਚੇ PM ਮੋਦੀ, ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਨੇ ਰਾਧਾ ਸੁਆਮੀ ਸਤਿਸੰਗ ਬਿਆਸ (ਆਰਐਸਐਸਬੀ) ਵਿਖੇ ਕਰੀਬ ਇੱਕ ਘੰਟਾ ਬਿਤਾਇਆ
ਅੰਮ੍ਰਿਤਸਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਵਿਖੇ ਰਾਧਾ ਸੁਆਮੀ ਸਤਿਸੰਗ ਡੇਰੇ ਵਿਚ ਪੁੱਜੇ ਅਤੇ ਇਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਪਹਿਲਾਂ ਡੇਰਾ ਮੁਖੀ ਨਾਲ ਕੁੱਝ ਸਮਾਂ ਬੈਠ ਕੇ ਗੱਲਬਾਤ ਕੀਤੀ ਤੇ ਫਿਰ ਡੇਰੇ ਦੀ ਕਮਿਊਨਿਟੀ ਰਸੋਈ ਵਿਚ ਗਏ, ਜਿੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਧਾ ਸੁਆਮੀ ਸਤਿਸੰਗ ਬਿਆਸ (ਆਰਐਸਐਸਬੀ) ਵਿਖੇ ਕਰੀਬ ਇੱਕ ਘੰਟਾ ਬਿਤਾਇਆ। ਦੱਸ ਦਈਏ ਕਿ ਪੀਐੱਮ ਮੋਦੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ "ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਵਿਚ, RSSB ਡੇਰਾ ਬਹੁਤ ਸਾਰੇ ਸਮਾਜ ਸੇਵਾ ਦੇ ਯਤਨਾਂ ਵਿਚ ਸਭ ਤੋਂ ਅੱਗੇ ਰਿਹਾ ਹੈ।"
ਰਾਧਾ ਸੁਆਮੀ ਸਤਿਸੰਗ ਨੂੰ ਡੇਰਾ ਬਾਬਾ ਜੈਮਲ ਸਿੰਘ ਵੀ ਕਿਹਾ ਜਾਂਦਾ ਹੈ। ਇਹ ਅੰਮ੍ਰਿਤਸਰ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੂਰ ਬਿਆਸ ਸ਼ਹਿਰ ਵਿਚ ਸਥਿਤ ਹੈ। ਦੇਸ਼ ਭਰ ਵਿਚ ਅਤੇ ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਇਸ ਦੇ ਪੈਰੋਕਾਰ ਹਨ। ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਨੇ ਫਰਵਰੀ 'ਚ ਦਿੱਲੀ 'ਚ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ ਅਤੇ ਅਧਿਆਤਮਕ ਸੰਸਥਾ ਦੀ ਸਮਾਜ ਸੇਵਾ ਲਈ ਸ਼ਲਾਘਾ ਕੀਤੀ ਸੀ। ਪ੍ਰਧਾਨ ਮੰਤਰੀ ਅੱਜ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਅਤੇ ਸੋਲਨ ਵਿਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨ ਵਾਲੇ ਹਨ, ਜਿਸ ਤੋਂ ਪਹਿਲਾਂ ਉਹ ਅੱਜ ਪੰਜਾਬ ਦੌਰੇ 'ਤੇ ਆਏ।