ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਦਾ ਗੋਲੀ ਮਾਰ ਕੇ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਦਾ ਗੋਲੀ ਮਾਰ ਕੇ ਕੀਤਾ ਕਤਲ

image

ਅੰਮਿ੍ਤਸਰ 'ਚ ਸ਼੍ਰੀ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ, ਮੁਲਜ਼ਮ ਪਿਸਤੌਲ ਸਮੇਤ ਕਾਬੂ
ਅੰਮਿ੍ਤਸਰ, 4 ਨਵੰਬਰ (ਪਰਮਿੰਦਰ) : ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਨੂੰ  ਅੱਜ ਅੰਮਿ੍ਤਸਰ ਦੇ ਮਜੀਠਾ ਰੋਡ ਸਥਿਤ ਸ਼੍ਰੀ ਗੋਪਾਲ ਮੰਦਰ ਦੇ ਬਾਹਰ  ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ | ਉਹ ਮੰਦਰ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਵਿਚ ਸੁੱਟੀਆਂ ਹੋਈਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਰੋਸ ਵਜੋਂ ਧਰਨੇ ਵਿਚ ਪਹੁੰਚੇ ਸਨ | ਉਥੇ ਹੀ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ 'ਤੇ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਹਮਲਾ ਕਰ ਦਿਤਾ ਤੇ ਕਤਲ ਕਰਨ ਵਾਲਾ ਨਜ਼ਦੀਕ ਇਕ ਘਰ ਵਿਚ ਲੁਕ ਗਿਆ | ਸੂਰੀ ਦੀ ਸੁਰੱਖਿਆ ਵਿਚ ਤਾਇਨਾਤ ਗਾਰਡਾਂ ਨੇ ਉਕਤ ਵਿਅਕਤੀ ਨੂੰ  ਘਰੋਂ ਮੌਕੇ 'ਤੇ ਹੀ ਫੜ ਲਿਆ | ਮੌਕੇ ਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਸੂਰੀ ਨੂੰ  ਤੁਰਤ ਹੀ ਐਸਕੋਰਟ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਸੂਰੀ ਨੂੰ  ਮਿ੍ਤਕ ਕਰਾਰ ਕਰ ਦਿਤਾ ਗਿਆ | ਸੂਰੀ ਨਾਲ ਆਏ ਅਹੁਦੇਦਾਰਾਂ ਤੇ ਵੱਖ ਵੱਖ ਸ਼ਿਵ ਸੈਨਿਕਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਹਾਲਾਤ ਤਨਾਅਪੂਰਨ ਹੋ ਗਏ | ਸ਼ਿਵ ਸੈਨਿਕਾਂ ਨੇ ਬਾਜ਼ਾਰ ਵਿਚ ਲਗੀਆਂ ਕਾਰਾਂ ਦੀ ਭੰਨ ਤੋੜ ਕੀਤੀ ਤੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਅਤੇ ਸੜਕ ਜਾਮ ਕੀਤੀ ਗਈ | ਇਸ ਤੋ ਬਾਅਦ ਬਾਜ਼ਾਰਾਂ ਵਿਚ ਦੁਕਾਨਾਦਾਰਾਂ ਨੇ ਦੁਕਾਨਾਂ ਬੰਦ ਕਰ ਦਿਤੀਆਂ | ਇਸ ਦੌਰਾਨ ਇਕ ਕਾਰ ਦੀ ਭੰਨਤੋੜ ਕੀਤੀ ਗਈ ਜਿਸ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਟਿਕਰ ਲੱਗਾ ਸੀ ਤੇ ਉਸ ਕਾਰ ਵਿਚੋ ਕੱੁਝ ਲਿਟਰੇਰਚਰ ਵੀ ਪ੍ਰਾਪਤ ਹੋਇਆ |
ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦਸਿਆ ਕਿ ਇਕ ਮੁਲਜ਼ਮ ਨੂੰ  ਮੌਕੇ 'ਤੇ ਹੀ ਥੋੜੀ ਦੇਰ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਪੰ੍ਰਤੂ ਉਨ੍ਹਾਂ ਕਿਹਾ ਹੈ ਕਿ ਹਾਲੇ ਹੋਰ ਵੇਰਵੇ ਨਹੀਂ ਦਿਤੇ ਜਾ ਸਕਦੇ | ਫੜੇ ਗਏ ਵਿਕਅਤੀ ਦੀ ਪਛਾਣ ਅੰਮਿ੍ਤਸਰ ਦੇ ਸੰਦੀਪ ਵਜੋਂ ਹੋਈ ਹੈ | ਸ਼ਿਵ ਸੈਨਿਕਾਂ ਨੇ ਖ਼ਾਲਿਸਤਾਨ ਮੁਰਦਾਬਾਦ ਦੇ ਨਾਹਰੇ ਵੀ ਲਗਾਏ | ਮੌਕੇ 'ਤੇ ਮੌਜੂਦ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਨੇ ਦਸਿਆ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹਮਲਾਵਰ ਨੇ ਸੂਰੀ 'ਤੇ ਹਮਲਾ ਕੀਤਾ ਹੈ ਅਤੇ ਪੁਲਿਸ ਦੀ ਇਸ ਵੱਡੀ ਨਾਕਾਮੀ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਨੂੰ  ਪਿਛਲੇ ਲੰਮੇਂ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਦੀ ਸਾਰੀ ਜਾਣਕਾਰੀ ਪੰਜਾਬ ਸਰਕਾਰ, ਡੀਜੀਪੀ ਪੰਜਾਬ ਨੂੰ  ਲਗਾਤਾਰ ਦਿਤੀ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਸੂਰੀ ਦੀ ਸੁਰੱਖਿਆ ਕਰਨ ਵਿਚ ਪੁਲਿਸ ਨਾਕਾਮ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੰਦੂ ਹੁਣ ਗੋਲੀਆਂ ਮਾਰਨ ਵਾਲਿਆਂ ਨੂੰ  ਨਹੀਂ ਬਖਸ਼ਣਗੇ |
ਇਸ ਦੌਰਾਨ ਸੁਧੀਰ ਸੂਰੀ ਦੇ ਸਮਰਥਕਾਂ ਨੇ ਹਮਲਾਵਰ ਦੀ ਗੱਡੀ ਦੀ ਭੰਨਤੋੜ ਵੀ ਕੀਤੀ |ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਤੇ ਹੋਏ ਜਾਨਲੇਵਾ ਹਮਲੇ ਵਿਚ ਮੌਤ ਹੋ ਜਾਣ ਦੇ ਵਿਰੋਧ ਵਿਚ ਸੂਰੀ ਦੇ ਲੜਕੇ ਪਾਰਸ ਸੂਰੀ ਤੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਵਲੋਂ ਕੱਲ (5 ਨਵੰਬਰ) ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ | ਪਾਰਸ ਸੂਰੀ ਤੇ ਕੌਸ਼ਲ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਧੀਰ ਸੂਰੀ ਦਾ ਸਸਕਾਰ ਉਦੋਂ ਕੀਤਾ ਜਾਵੇਗਾ, ਜੱਦ ਸੂਰੀ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ | ਜੇਕਰ ਸੂਰੀ ਨੂੰ  ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਸੂਰੀ ਦਾ ਮਿ੍ਤਕ ਸ਼ਰੀਰ ਸੜਕ 'ਤੇ ਰੱਖ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਜਾਵੇਗਾ | ਵੱਖਵੱਖ ਸ਼ਿਵ ਸੈਨਿਕਾਂ ਦੇ ਅਹੁਦੇਦਾਰਾਂ ਨੇ ਵੀ ਪਾਰਸ ਸੂਰੀ ਤੇ ਕੌਸ਼ਲ ਵਲੋਂ ਕੀਤੇ ਗਏ ਐਲਾਨ ਨੂੰ  ਪੂਰਾ ਸਮਰਥਨ ਕੀਤਾ ਤੇ ਸੂਰੀ ਤੇ ਹਮਲਾ ਕਰਨ ਵਾਲੇ ਨੂੰ  ਤੁਰੰਤ ਫਾਂਸੀ ਤੇ ਲਟਕਾਇਆ ਜਾਵੇ | ਉਨ੍ਹਾਂ ਦੋਸ਼ ਲਗਾਇਆ ਕਿ ਸੂਰੀ ਦੀ ਸੁਰੱਖਿਆ ਵਿਚ ਤਾਇਨਾਤ ਗਾਰਡਾਂ ਦੀ ਮੌਜੂਦਗੀ ਵਿਚ ਹਮਲਾ ਹੋਇਆ ਹੈ, ਪਰ ਪੁਲਿਸ ਅਧਿਕਾਰੀ ਵਿਅਕਤੀ ਤੇ ਜਵਾਬੀ ਫਾਇਰਿੰਗ ਕਰਨ ਦੀ ਬਜਾਏ ਤਮਾਸ਼ਾ ਦੇਖਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਹਿੰਦੂ ਧਰਮ ਲਈ ਕੰਮ ਕਰਦੇ ਸਨ | ਇਸ ਮੌਕੇ ਹਿੰਦੂ ਨੇਤਾ ਹਰਦੀਪ ਹੈਪੀ, ਰਾਹੁਲ ਸ਼ਰਮਾ, ਸਲਿਲ ਬਿੱਲਾ, ਵਿਕਰਮ ਧੰਨੋਤਰਾ, ਨਵੀਨ ਮਹਾਜ਼ਨ, ਅਮਿਤ ਗਰੋਵਰ, ਰਜਿੰਦਰ ਸਹਿਦੇਵ, ਮਨੀਸ਼ ਕਪੂਰ, ਰਾਕੇਸ਼ ਭਸੀਨ, ਅਨਿਲ ਟੰਡਨ ਤੇ ਹੋਰ ਲੀਡਰ ਮੌਜੂਦ ਸਨ |ਉਧਰ ਅੰਮਿ੍ਤਸਰ ਦੇ ਪੁਲੀਸ ਕਮਿਸ਼ਨਰ ਸ੍ਰ ਅਰੁਣਪਾਲ ਸਿੰਘ ਨੇ ਦਸਿਆ ਕਿ ਹਮਲਾਵਰ ਨੂੰ  ਮੌਕੇ ਤੇ ਫੜ ਲਿਆ ਗਿਆ ਹੈ ਤੇ ਉਨਾਂ ਹੋਰ ਕੋਈ ਜਾਣਕਾਰੀ ਦੇਣ ਤੋ ਇਨਕਾਰ ਕਰਦਿਆਂ ਕਿਹਾ ਕਿ ਪੁਛਗਿਛ ਦੌਰਾਨ ਜੋ ਜੋ ਖੁਲਾਸੇ ਹੋਣਗੇ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ |