ਸਤਲੁਜ ਦਰਿਆ 'ਚ ਨਹਾਉਣ ਗਏ 3 ਬੱਚੇ ਡੁੱਬੇ, ਲਾਸ਼ਾਂ ਬਰਾਮਦ
ਘਟਨਾ ਤੋਂ ਬਾਅਦ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਲੁਧਿਆਣਾ : ਸਤਲੁਜ ਦਰਿਆ 'ਚ ਨਹਾਉਣ ਗਏ 3 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਸਾਹਮਣੇ ਆਈ ਹੈ ਕਿ 5 ਬੱਚਿਆਂ ਦਾ ਇਕ ਗਰੁੱਪ ਸਤਲੁਜ ਦਰਿਆ 'ਚ ਨਹਾਉਣ ਗਿਆ ਸੀ ਇਹਨਾਂ ਵਿਚੋਂ 3 ਬੱਚੇ ਡੁੱਬ ਗਏ, ਜਦੋਂ ਉਹਨਾਂ ਨੂੰ ਡੁੱਬਦੇ ਦੇਖਿਆ ਗਿਆ ਤਾਂ ਉੱਥੇ ਖੜ੍ਹੇ 2 ਬੱਚਿਆਂ ਨੇ ਭੱਜ ਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਘਟਨਾ ਤੋਂ ਬਾਅਦ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੀ ਪੁਸ਼ਟੀ ਐੱਸਐੱਚਓ ਹਰਜੀਤ ਸਿੰਘ ਨੇ ਕੀਤੀ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਰੋਹਿਤ ਕੁਮਾਰ (16), ਅੰਸ਼ੂ ਗੁਪਤਾ (14) ਤੇ ਪ੍ਰਿੰਸ ਯਾਦਵ (16) ਵਜੋਂ ਹੋਈ ਹੈ। ਤਿੰਨੋਂ ਟ੍ਰੀਟਮੈਂਟ ਪਲਾਂਟ, ਗੁਰੂ ਕਿਰਪਾ ਕਾਲੋਨੀ ਭੱਟੀਆਂ ਦੇ ਰਹਿਣ ਵਾਲੇ ਸਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇਹ ਬੱਚੇ ਕਾਸਾਬਾਦ ਨੇੜੇ ਦਰਿਆ 'ਤੇ ਪਹੁੰਚੇ ਸਨ। ਉਨ੍ਹਾਂ ਨਾਲ ਹਿਮਾਂਸ਼ੂ ਨਾਂ ਦਾ ਨੌਜਵਾਨ ਵੀ ਸੀ। ਉਸ ਨੇ ਹੀ ਤਿੰਨਾਂ ਬੱਚਿਆਂ ਦੇ ਘਰ ਜਾ ਕੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰਾ ਪਿੰਡ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਿਆ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਨੂੰ ਲੱਭਣ ਦੀ ਮੁਹਿੰਮ ਚਲਾਈ ਗਈ ਤੇ ਬੱਚਿਆਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਗਈਆਂ ਹਨ।