PSPCL ਦੇ ਦਫਤਰ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਡਿਫਾਲਟਰ ਖਪਤਕਾਰਾਂ ਦੀ ਸੂਚੀ ਤਿਆਰ, ਜਾਣੋ ਕਿਸ-ਕਿਸ ਦਾ ਕੱਟਿਆ ਜਾਵੇਗਾ ਕੁਨੈਕਸ਼ਨ
ਜਿਸ ਵੀ ਖਪਤਕਾਰ ਦਾ 50 ਹਜਾਰ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਦਾ PSPCL ਵੱਲ ਬਕਾਇਆ ਖੜਾ ਹੈ ਉਸ ਦਾ ਕੱਟਿਆ ਜਾ ਰਿਹਾ ਬਿਜਲੀ ਦਾ ਮੀਟਰ
ਚੰਡੀਗੜ੍ਹ : ਪੰਜਾਬ ’ਚ ਬਿਜਲੀ ਦਾ ਬਿਲ ਨਾ ਭਰਨ ਵਾਲੇ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਜਿਸ ਵੀ ਖਪਤਕਾਰ ਦਾ 50 ਹਜਾਰ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਦਾ PSPCL ਵੱਲ ਬਕਾਇਆ ਖੜਾ ਹੈ ਉਸ ਦਾ ਬਿਜਲੀ ਦਾ ਮੀਟਰ ਕੱਟਿਆ ਜਾ ਰਿਹਾ ਹੈ। ਵਿਭਾਗ ਵੱਲੋਂ ਇਸ ਬਾਰੇ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ 5 ਲੱਖ ਤੋਂ ਲੈ ਕੇ 50 ਹਜ਼ਾਰ ਤਕ ਦੀ ਬਕਾਇਆ ਰਾਸ਼ੀ ਵਾਲੇ ਖਪਤਕਾਰ ਸ਼ਾਮਲ ਹਨ, ਸਬ-ਡਵੀਜ਼ਨ ਪੱਧਰ ’ਤੇ ਰਿਕਵਰੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ 300 ਯੂਨਿਟ ਤੋਂ ਵੱਧ ਦੀ ਖਪਤ ਹੋਣ ’ਤੇ ਪੂਰਾ ਬਿੱਲ ਅਦਾ ਕਰਨਾ ਪੈਂਦਾ ਹੈ। ਗਰਮੀ ਦੇ ਸੀਜ਼ਨ ਦੌਰਾਨ ਏ. ਸੀ. ਆਦਿ ਦੀ ਖਪਤ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਬਿੱਲ ਬਣੇ, ਵੱਡੀ ਗਿਣਤੀ ਵਿਚ ਖਪਤਕਾਰਾਂ ਵੱਲੋਂ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਵਿਭਾਗ ਵਸੂਲੀ ’ਤੇ ਧਿਆਨ ਦੇ ਰਿਹਾ ਹੈ। ਸਬ-ਡਵੀਜ਼ਨ ਪੱਧਰ ’ਤੇ ਵਸੂਲੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਾਲ ਇੰਡਸਟਰੀ ਦੀ ਰਿਕਵਰੀ ਨੂੰ ਮੁੱਖ ਰੱਖਿਆ ਗਿਆ। ਕਮਰਸ਼ੀਅਲ ਖਪਤਕਾਰਾਂ ਦੀਆਂ ਵੀ ਸੂਚੀਆਂ ਬਣਾਈਆਂ ਗਈਆਂ ਹਨ। ਐਕਸੀਅਨ ਰੈਂਕ ਦੇ ਅਧਿਕਾਰੀਆਂ ਵੱਲੋਂ ਆਪਣੀ ਡਵੀਜ਼ਨ ਦੇ ਕਰਮਚਾਰੀਆਂ ਕੋਲੋਂ 50 ਹਜ਼ਾਰ ਰੁਪਏ ਤਕ ਦੇ ਡਿਫਾਲਟਰਾਂ ਦੀਆਂ ਸੂਚੀਆਂ ਤਿਆਰ ਕਰਵਾ ਲਈਆਂ ਗਈਆਂ ਹਨ, ਜਿਨ੍ਹਾਂ ’ਤੇ ਕਾਰਵਾਈ ਸ਼ੁਰੂ ਹੋ ਗਈ ਹੈ।
ਛੋਟੇ ਕੁਨੈਕਸ਼ਨਾਂ ਨੂੰ ਕੱਟਣ ਲਈ ਹਰੇਕ ਡਵੀਜ਼ਨ ਵੱਲੋਂ 3-3 ਦੇ ਗਰੁੱਪ ਵਾਲੀਆਂ 5 ਟੀਮਾਂ ਦਾ ਗਠਨ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਖਪਤਕਾਰਾਂ ਕੋਲੋਂ ਰਿਕਵਰੀ ਕੀਤੀ ਜਾ ਸਕੇ। ਵਿਭਾਗ ਵੱਲੋਂ ਕਾਰਵਾਈ ਹੋਣ ਕਾਰਨ ਕਈ ਡਿਫਾਲਟਰਾਂ ਵੱਲੋਂ ਖੁਦ ਹੀ ਆਪਣੇ ਬਿੱਲਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ।