ਅੱਜ ਪਠਾਨਕੋਟ ਜਾਣਗੇ CM ਭਗਵੰਤ ਮਾਨ, ਸ਼ਾਹਪੁਰ ਕੰਢੀ ਬੈਰਾਜ ਪ੍ਰੋਜੈਕਟ ਦਾ ਕਰਨਗੇ ਉਦਘਾਟਨ
ਸ਼ਾਹਪੁਰ ਕੰਢੀ ਡੈਮ ਪੰਜਾਬ ਲਈ ਖਾਸ ਕਰਕੇ ਮਾਝੇ ਦੀ ਲਾਈਫ਼਼ਲਾਈਨ ਸਾਬਤ ਹੋਵੇਗਾ।
ਮੁਹਾਲੀ: ਪੰਜਾਬ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਹਪੁਰ ਕੰਢੀ ਡੈਮ ਲੋਕਾਂ ਨੂੰ ਸਮਰਪਿਤ ਕਰਨਗੇ। ਸ਼ਾਹਪੁਰ ਕੰਢੀ ਡੈਮ ਪੰਜਾਬ ਲਈ ਖਾਸ ਕਰਕੇ ਮਾਝੇ ਦੀ ਲਾਈਫ਼਼ਲਾਈਨ ਸਾਬਤ ਹੋਵੇਗਾ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ। ਇਸ ਡੈਮ ਨਾਲ ਜਿੱਥੇ ਬਿਜਲੀ ਦਾ ਉਤਪਾਦਨ ਵਧੇਗਾ, ਉਥੇ ਸਿੰਚਾਈ ਦੀ ਸਹੂਲਤ ਵੀ ਮਿਲੇਗੀ। ਇਸ ਪ੍ਰਾਜੈਕਟ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਹਾਸਲ ਹੋਵੇਗਾ।
ਇਹ ਡੈਮ ਜਿੱਥੇ ਲੱਖਾਂ ਘਰਾਂ ਨੂੰ ਰੌਸ਼ਨ ਕਰੇਗਾ, ਉਥੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਵੀ ਰੁਸ਼ਨਾਏਗਾ। ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੀ ਕੀਮਤ 3394.49 ਕਰੋੜ ਰੁਪਏ ਹੈ। 80 ਫ਼ੀਸਦੀ ਯੋਗਦਾਨ ਇਕੱਲਾ ਪੰਜਾਬ ਪਾ ਰਿਹਾ ਹੈ। ਪੰਜਾਬ ਵੱਲੋਂ 2694.02 ਕਰੋੜ ਰੁਪਏ ਖਰਚੇ ਜਾ ਰਹੇ ਹਨ। ਕੇਂਦਰ ਸਿਰਫ 20 ਫ਼ੀਸਦੀ ਯੋਗਦਾਨ ਪਾ ਰਿਹਾ ਹੈ। ਡੈਮ ਲਈ 700.45 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
ਸ਼ਾਹਪੁਰ ਕੰਢੀ ਪ੍ਰਾਜੈਕਟ ਲਈ 3171.72 ਏਕੜ ਜ਼ਮੀਨ ਐਕੁਵਾਇਰ ਕੀਤੀ। ਪੰਜਾਬ ਦੀ 1643.77 ਏਕੜ ਜ਼ਮੀਨ ਐਕੁਵਾਇਰ ਹੋਈ ਹੈ ਜਦਕਿ ਜੰਮੂ ਕਸ਼ਮੀਰ ਦੀ 1527.95 ਏਕੜ ਜ਼ਮੀਨ ਐਕੁਵਾਇਰ ਹੋਈ ਹੈ। ਪੰਜਾਬ ਦੇ 5000 ਹੈਕਟੇਅਰ ਵਿੱਚ ਸਿੰਚਾਈ ਸਹੂਲਤ ਹੋਵੇਗੀ। ਮਾਝੇ ਇਲਾਕੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਪਾਣੀ ਪਹੁੰਚੇਗਾ। ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ 32 ਹਜ਼ਾਰ 173 ਹੈਕਟੇਅਰ ਰਕਬੇ ਨੂੰ ਸਿੰਚਾਈ ਸਹੂਲਤ ਮਿਲੇਗੀ।
206 ਮੈਗਾਵਾਟ ਦੇ ਦੋ ਪਾਵਰ ਹਾਊਸ ਬਣਾਏ ਜਾ ਰਹੇ ਹਨ। ਇਨ੍ਹਾਂ ਦਾ 75 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਕਾਰਜ ਮਾਰਚ, 2026 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਬਿਜਲੀ ਦਾ ਉਤਪਾਦਨ ਸ਼ੁਰੂ ਹੋਵੇਗਾ। ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦੇ ਨਿਰਮਾਣ ਤੋਂ ਪਹਿਲਾਂ, ਰਣਜੀਤ ਸਾਗਰ ਡੈਮ ਪਾਵਰ ਹਾਊਸ ਸਵੇਰ ਅਤੇ ਸ਼ਾਮ ਦੇ Peak Demand ਦੌਰਾਨ 600 ਮੈਗਾਵਾਟ ਦੀ ਪੂਰੀ ਸਮਰੱਥਾ 'ਤੇ ਕੰਮ ਕਰਨ ਦੇ ਯੋਗ ਨਹੀਂ ਸੀ ਕਿਉਂਕਿ Downstream Storage Reservoir ਦੀ ਅਣਹੋਂਦ ਕਾਰਨ ਇਹ ਪਾਣੀ ਪਾਕਿਸਤਾਨ ਵੱਲ ਵਹਿ ਜਾਂਦਾ ਸੀ।
ਸ਼ਾਹਪੁਰਕੰਡੀ ਡੈਮ ਦੇ ਚਾਲੂ ਹੋਣ ਨਾਲ ਰਣਜੀਤ ਸਾਗਰ ਪਾਵਰ ਹਾਊਸ ਨੇ Peak Demand ਨੂੰ ਪੂਰਾ ਕਰਦੇ ਹੋਏ 600 ਮੈਗਾਵਾਟ ਦੀ ਪੂਰੀ ਸਮਰੱਥਾ 'ਤੇ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਡੈਮ ਪਾਵਰ ਹਾਊਸਾਂ ਤੋਂ 206 ਮੈਗਾਵਾਟ ਦੀ ਵਾਧੂ ਬਿਜਲੀ ਪੈਦਾ ਕਰਨ ਵਿੱਚ ਹੋਰ ਮਦਦ ਕਰੇਗਾ ਜੋ ਮਾਰਚ 2026 ਤੱਕ ਪੂਰਾ ਹੋ ਜਾਵੇਗਾ। ਇਸ ਡੈਮ ਨਾਲ ਤਿੰਨ ਨਵੀਆਂ ਨਹਿਰਾਂ ਦੇ ਨਿਰਮਾਣ ਦਾ ਕੰਮ ਵੀ ਅੰਤਿਮ ਪੜਾਅ 'ਤੇ ਹੈ।
ਸ਼ਾਹਪੁਰਕੰਡੀ ਡੈਮ ਦੇ ਉੱਪਰਲੇ ਪਾਸੇ ਇੱਕ ਝੀਲ ਬਣਾਈ ਗਈ ਹੈ, ਜਿਸ ਨੂੰ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਡੈਮ ਉੱਤਰੀ ਭਾਰਤ ਵਿੱਚ ਪੰਜਾਬ ਨੂੰ Water Sports ਦੀ ਹੱਬ ਬਣਾਉਣ ਵਿੱਚ ਸਹਾਈ ਹੋਵੇਗਾ।