ਮਾਣਕੀ ਗੋਲੀਕਾਂਡ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਸਬੰਧ ਨਹੀਂ : ਐਸ.ਐਸ.ਪੀ. ਜੋਤੀ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਝੂਠੀ ਪੋਸਟ ਪਾ ਕੇ ਜਿੰਮੇਵਾਰੀ ਲੈ ਰਿਹਾ ਬਿਸ਼ਨੋਈ ਗੈਂਗ, ਹੋਵੇਗੀ ਕਾਰਵਾਈ

Manki firing incident has no connection with Lawrence Bishnoi gang: SSP Jyoti Yadav

ਖੰਨਾ : ਖੰਨਾ ਪੁਲਿਸ ਨੇ ਸਮਰਾਲਾ ਦੇ ਮਾਣਕੀ ਪਿੰਡ ਵਿੱਚ ਤਿੰਨ ਨੌਜਵਾਨਾਂ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਖੰਨਾ ਦੇ ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਕਿਹਾ ਕਿ ਇਸ ਘਟਨਾ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਕੁਝ ਪੋਸਟਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ। ਇੱਕ ਪੋਸਟ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਨਾਮ ਨਾਲ ਵਾਇਰਲ ਹੋਈ ਜਿਸ ਵਿੱਚ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪਰ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਫ਼ਰਜ਼ੀ ਦਾਅਵਾ ਸੀ। ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਨੇ ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅਤੇ ਜੋ ਵੀ ਵਿਅਕਤੀ ਅਜਿਹੀਆਂ ਪੋਸਟਾਂ ਰਾਹੀਂ ਅਪਰਾਧਿਕ ਦੁਨੀਆ ਵਿੱਚ ਆਪਣਾ ਨਾਮ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ।

ਡਾ. ਬੈਂਸ ਨੇ ਕਿਹਾ ਕਿ ਇਸ ਮਾਮਲੇ ਨੂੰ ਜਾਣਬੁੱਝ ਕੇ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਕੀਕਤ ਕੁਝ ਹੋਰ ਹੈ। ਕੁਝ ਲੋਕ ਮ੍ਰਿਤਕ ਗੁਰਵਿੰਦਰ ਸਿੰਘ ਕਿੰਦਾ ਨੂੰ ਕਬੱਡੀ ਖਿਡਾਰੀ ਦੱਸ ਕੇ ਮਾਮਲੇ ਨੂੰ ਗਲਤ ਦਿਸ਼ਾ ਵਿੱਚ ਮੋੜਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੁਲਿਸ ਜਾਂਚ ਵਿੱਚ ਸਾਫ਼ ਹੋ ਗਿਆ ਹੈ ਕਿ ਉਸ ਦਾ ਕਬੱਡੀ ਨਾਲ ਕੋਈ ਸਬੰਧ ਨਹੀਂ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਤੋਂ ਪੁੱਛਿਆ, ਜਿਸ ਵਿੱਚ ਪੁਸ਼ਟੀ ਹੋਈ ਕਿ ਗੁਰਵਿੰਦਰ ਸਿੰਘ ਕਬੱਡੀ ਖਿਡਾਰੀ ਨਹੀਂ ਸੀ, ਸਗੋਂ ਉਹ ਕਬੂਤਰ ਪਾਲਣ ਦਾ ਸ਼ੌਕੀਨ ਸੀ। ਉਹ ਕਿਸੇ ਨਾਲ ਕਿਸੇ ਵੀ ਕਿਸਮ ਦੀ ਰੰਜਿਸ਼ ਵਿੱਚ ਸ਼ਾਮਲ ਨਹੀਂ ਸੀ। ਐਸ.ਐਸ.ਪੀ. ਡਾ. ਬੈਂਸ ਨੇ ਦੱਸਿਆ ਕਿ ਗੋਲੀਬਾਰੀ ਦਾ ਅਸਲੀ ਨਿਸ਼ਾਨਾ ਧਰਮਪਾਲ ਉਰਫ ਧਰਮਾ ਸੀ, ਜਿਸ ਦੀ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਸੀ। ਹਮਲਾਵਰ ਧਰਮਪਾਲ ਨੂੰ ਮਾਰਨ ਆਏ ਸਨ ਅਤੇ ਉਸ ਦਾ ਨਾਮ ਪੁੱਛ ਕੇ ਹੀ ਗੋਲੀਆਂ ਚਲਾਈਆਂ। ਜਦੋਂ ਧਰਮਪਾਲ ਪਿੱਛੇ ਹਟਿਆ ਤਾਂ ਇੱਕ ਗੋਲੀ ਗੁਰਵਿੰਦਰ ਸਿੰਘ ਨੂੰ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਦੂਜੀ ਗੋਲੀ ਧਰਮਪਾਲ ਨੂੰ ਲੱਗੀ, ਜੋ ਇਸ ਸਮੇਂ ਗੰਭੀਰ ਜ਼ਖ਼ਮੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਹੁਣ ਤੱਕ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਹਮਲਾਵਰਾਂ ਨੂੰ ਪਨਾਹ ਅਤੇ ਸਹਾਇਤਾ ਦਿੱਤੀ ਸੀ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਇਸ ਮਾਮਲੇ ਦੀ ਜਾਂਚ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰ ਰਹੀ ਹੈ। ਕਿਸੇ ਵੀ ਬੇਕਸੂਰ ਨੂੰ ਫਸਾਇਆ ਨਹੀਂ ਜਾਵੇਗਾ, ਪਰ ਜੋ ਦੋਸ਼ੀ ਪਾਏ ਜਾਣਗੇ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ, ਕਿਉਂਕਿ ਇਹ ਅਫਵਾਹਾਂ ਸਿਰਫ਼ ਸ਼ਾਂਤੀ ਭੰਗ ਕਰਨ ਅਤੇ ਸਮਾਜ ਵਿੱਚ ਤਣਾਅ ਪੈਦਾ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਇਸ ਕਤਲ ਕਾਂਡ ਦੀ ਹਰ ਪਰਤ ਬੇਨਕਾਬ ਕਰੇਗੀ ਅਤੇ ਸਾਰੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।