ਤਰਨਤਾਰਨ ਚੋਣ ਵਿੱਚ ਸਿਆਸੀ ਲਾਹਾ ਲੈਣ ਲਈ ਐੱਸਜੀਪੀਸੀ ਦੀ ਗੋਲਕ ਲੁੱਟਣ ਨੂੰ ਬਰਦਾਸ਼ਤ ਨਹੀਂ ਕਰਾਂਗੇ - ਜਥੇਦਾਰ ਕਾਹਨੇਕੇ
ਐੱਸਜੀਪੀਸੀ ਵਿੱਚ ਨੌਕਰੀਆਂ ਦੇ ਲਾਲਚ ਹੇਠ ਖੇਡੀ ਜਾ ਰਹੀ ਸਿਆਸੀ ਖੇਡ ਪੰਥ ਅਤੇ ਕੌਮ ਲਈ ਖਤਰਨਾਕ
Mithu Singh Kahneke article News: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਐੱਸਜੀਪੀਸੀ ਮੈਂਬਰ ਜਥੇਦਾਰ ਮਿੱਠੂ ਸਿੰਘ ਕਾਹਨੇਕੇ ਨੇ ਬਾਦਲ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਿਆਸੀ ਲਾਹਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਗੋਲਕ ਵਰਤੇ ਜਾਣ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਜਥੇਦਾਰ ਕਾਹਨੇਕੇ ਨੇ ਕਿਹਾ ਕਿ, ਉਹਨਾਂ ਵੱਲੋਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਵੇਲੇ ਹੀ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਹਰਜਿੰਦਰ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਮੋਟੀ ਸੌਦੇਬਾਜ਼ੀ ਹੋਈ ਹੈ।
ਇਸੇ ਸੌਦੇਬਾਜ਼ੀ ਹੇਠ ਐੱਸਜੀਪੀਸੀ ਵੱਲੋਂ ਸੁਖਬੀਰ ਨੂੰ ਸਿਆਸੀ ਲਾਹਾ ਦੇਣ ਦੇ ਨਾਲ-ਨਾਲ ਹੋਰ ਵੱਡੇ ਪੰਥ ਵਿਰੋਧੀ ਕਾਰਜ ਵੀ ਕੀਤੇ ਜਾ ਸਕਦੇ ਹਨ। ਐੱਸਜੀਪੀਸੀ ਦੀ ਗੋਲਕ ਦੀ ਦੁਰਵਰਤੋਂ ਅਤੇ ਸਿਆਸੀ ਲਾਹੇ ਲਈ ਵਰਤੇ ਜਾਣ ਦਾ ਖਦਸ਼ਾ, ਸੱਚਾਈ ਵਿੱਚ ਬਦਲ ਚੁੱਕਾ ਹੈ, ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਐੱਸਜੀਪੀਸੀ ਤਰਨਤਾਰਨ ਹਲਕੇ ਲਈ 60 ਨੌਕਰੀਆਂ ਦੇਣ ਜਾ ਰਹੀ ਹੈ। ਸੁਖਬੀਰ ਬਾਦਲ ਐੱਸਜੀਪੀਸੀ ਨੂੰ ਆਪਣੀ ਨਿੱਜੀ ਕੰਪਨੀ ਦੀ ਤਰ੍ਹਾਂ ਵਰਤ ਰਿਹਾ ਹੈ।
ਜਥੇਦਾਰ ਕਾਹਨੇਕੇ ਵੱਲੋ 60 ਨੌਕਰੀਆਂ ਦੇ ਦਾਅਵੇ ਵਾਲੀ ਇੱਕ ਵੀਡਿਓ ਜਾਰੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛਿਆ ਹੈ ਕਿ, ਕੀ ਹਰਜਿੰਦਰ ਸਿੰਘ ਧਾਮੀ ਇਸ 'ਤੇ ਸਪਸ਼ਟੀਕਰਨ ਦੇਣਗੇ? ਜਥੇਦਾਰ ਕਾਹਨੇਕੇ ਨੇ ਕਿਹਾ ਕਿ, ਪਿਛਲੇ ਕਾਰਜਕਾਲ ਸਮੇਂ ਧਾਮੀ ਨੇ ਅਸਤੀਫ਼ਾ ਦੇ ਕੇ ਦਬਾਅ ਦੀ ਸਿਆਸਤ ਨੂੰ ਵਰਤਿਆ। ਇਸੇ ਦਬਾਅ ਦੀ ਸਿਆਸਤ ਹੇਠ ਸੁਖਬੀਰ ਅਤੇ ਧਾਮੀ ਵਿਚਾਲੇ ਸੌਦੇਬਾਜ਼ੀ ਹੋਈ। ਸੌਦੇਬਾਜ਼ੀ ਹੇਠ ਕੌਮ ਵੱਲੋਂ ਅਪ੍ਰਵਾਨਿਤ ਜਥੇਦਾਰ ਦੀ ਕਿਸ਼ਤਾਂ ਵਿੱਚ ਤਾਜਪੋਸ਼ੀ ਹੋਈ ਅਤੇ ਧਾਮੀ ਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ।
ਜਥੇਦਾਰ ਕਾਹਨੇਕੇ ਨੇ ਕਿਹਾ ਕਿ ਸੌਦੇਬਾਜ਼ੀ ਦਾ ਹੀ ਸਿੱਟਾ ਹੈ ਕਿ, ਅੱਜ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਿਆਸੀ ਲਾਹਾ ਲੈਣ ਲਈ ਨੌਕਰੀਆਂ ਵੀ ਸੁਖਬੀਰ ਬਾਦਲ ਦੇ ਪ੍ਰਭਾਵ ਹੇਠ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ, ਇਹ ਇੱਕ ਬਹੁਤ ਵੱਡੀ ਧਾਂਦਲੀ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਸਰਦਾਰ ਹਰਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਅਸਤੀਫ਼ਾ ਦੇਕੇ ਪਾਸੇ ਹੋਣ, ਤਾਂ ਜੋ ਜਾਂਚ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ।