ਕੁਰੈਸ਼ੀ ਦੇ ਬਿਆਨ ਨਾਲ ਪਾਕਿ ਦੀ ਅਸਲੀ ਮਨਸ਼ਾ ਉਜਾਗਰ ਹੋਈ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਦਿਤੇ ਇਸ ਬਿਆਨ ਕਿ ਕਰਤਾਰਪੁਰ ਲਾਂਘਾ ਸਮਾਗਮ ਦਰਅਸਲ ਇਮਰਾਨ ਖਾਨ ਦੀ ਗੁਗਲੀ ਸੀ.........

Sadhu Singh Dharamsot

ਨਾਭਾ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਦਿਤੇ ਇਸ ਬਿਆਨ ਕਿ ਕਰਤਾਰਪੁਰ ਲਾਂਘਾ ਸਮਾਗਮ ਦਰਅਸਲ ਇਮਰਾਨ ਖਾਨ ਦੀ ਗੁਗਲੀ ਸੀ, ਨੂੰ ਲੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਹੈ ਕਿ ਕੁਰੈਸ਼ੀ ਦੇ ਇਸ ਬਿਆਨ ਨਾਲ ਪਾਕਿਸਤਾਨ ਦੀ ਅਸਲੀ ਮਨਸ਼ਾ ਉਜਾਗਰ ਹੋ ਗਈ ਹੈ । ਉਨ੍ਹਾਂ ਕਿਹਾ ਕਿ ਅਸਲ ਵਿਚ ਪਾਕਿਸਤਾਨ ਅਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦਾ ਕਿਉਕਿ ਉਸ ਦੀ ਕੱਟੜਵਾਦੀ ਸੋਚ ਭਾਰਤ ਪ੍ਰਤੀ ਸਹੀ ਨਹੀ ਹੈ।

ਧਰਮਸੋਤ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਮਸਲਾ ਸਿੱਖਾਂ ਲਈ ਬੜਾ ਅਹਿਮ ਤੇ ਮਹੱਤਵਪੂਰਨ ਹੈ। ਜਿਸ ਲਈ ਵਿਸ਼ਵ ਭਰ ਦੇ ਸਿੱਖ ਚਿਰਾਂ ਤੋਂ ਹਰ ਰੋਜ਼ ਅਰਦਾਸ ਕਰਦੇ ਆ ਰਹੇ ਸਨ ਕਿ ਉਨਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੀ ਆਗਿਆ ਬਖ਼ਸ਼ੀ ਜਾਵੇ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਗੁਗਲੀ ਸੁੱਟਣ ਸਬੰਧੀ ਕੁਰੈਸ਼ੀ ਦਾ ਬਿਆਨ ਚਲਾਕੀ ਭਰਪੂਰ ਤੇ ਨਫ਼ਰਤ ਪੈਦਾ ਕਰਨ ਵਾਲਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਪਣੇ ਨਿਜੀ ਦੋਸਤ ਇਮਰਾਨ ਖਾਨ ਦੇ ਸੱਦੇ ਉਤੇ ਪਾਕਿਸਤਾਨ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਦੀਆਂ ਕੋਝੀਆਂ ਚਾਲਾਂ ਤੋਂ ਅਗਾਉਂ ਵਾਕਫ਼ ਸਨ। ਇਸੇ ਕਰਕੇ ਉਨ੍ਹਾਂ ਵਲੋਂ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿਤਾ ਗਿਆ ਸੀ। 

ਕੈਬਨਿਟ ਵਜ਼ੀਰ ਨੇ ਕਿਹਾ ਕਿ ਭਾਰਤ ਕਿਸੇ ਵਲੋਂ ਸੁੱਟੀ ਗੁਗਲੀ ਵਿਚ ਫਸਣ ਵਾਲਾ ਨਹੀਂ ਤੇ ਪਾਕਿ ਦੇ ਵਿਦੇਸ਼ ਮੰਤਰੀ ਨੂੰ ਇਹ ਭੁਲੇਖਾ ਦਿਲੋਂ ਕੱਢ ਦੇਣਾ ਚਾਹੀਦਾ ਹੈ।