ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ ਦੇ ਹੱਕ ਵਿਚ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ ਦੇ ਹੱਕ ਵਿਚ
ਮੈਡਲ ਵਾਪਸ ਕਰਨ ਵਾਲਿਆਂ ਦੀਆਂ ਕਤਾਰਾਂ ਲੰਮੀਆਂ
ਚੰਡੀਗੜ੍ਹ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ ਦੇ ਹੱਕ ਵਿਚ ਪੰਜਾਬ ਹੋਮਗਾਰਡ ਵਿਚੋਂ ਹਾਲ ਹੀ ਵਿਚ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਵੀ 4 ਮਹੀਨੇ ਪਹਿਲਾਂ ਹੀ ਮਿਲਿਆ ਪੁਲਿਸ ਰਾਸ਼ਟਰਪਤੀ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਉਹ ਵੀ ਭਾਵੇਂ ਕਿਸਾਨ ਦੇ ਪੁੱਤ ਹਨ ਪਰ ਇਨਸਾਨੀਅਤ ਨਾਤੇ ਵੀ ਇਸ ਮੌਕੇ ਉਨ੍ਹਾਂ ਦਾ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦਾ ਫ਼ਰਜ਼ ਹੈ। ਉਧਰ ਉਨ੍ਹਾਂ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਲੇਖਕ ਡਾ: ਮੋਹਨਜੀਤ, ਚਿੰਤਕ ਡਾ: ਜਸਵਿੰਦਰ ਅਤੇ ਪੱਤਰਕਾਰ ਸਵਰਾਜਬੀਰ ਅਪਣੇ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰ ਦਿਤੇ ਹਨ।
ਮਸ਼ਹੂਰ ਗਾਇਕ ਹਰਭਜਨ ਮਾਨ ਨੇ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹਾਮੀ ਹੁੰਦਿਆਂ ਬੀਤੇ ਦਿਨ ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਸਾਲ 2018 ਲਈ 'ਸ਼੍ਰੋਮਣੀ ਗਾਇਕ' ਦਾ ਪੁਰਸਕਾਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਪੁਸ਼ਟੀ ਉਨ੍ਹਾਂ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਹੈ। ਉਨ੍ਹਾਂ ਅਪਣੇ ਫ਼ੇਸਬੁੱਕ ਅਕਾਊਂਟ 'ਤੇ ਲਿਖਿਆ ਹੈ ਕਿ ਭਾਸ਼ਾ ਵਿਭਾਗ ਵਲੋਂ ਦਿਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰਾਂ ਵਿਚ ਮੇਰੀ ਚੋਣ 'ਸ਼੍ਰੋਮਣੀ ਗਾਇਕ' ਐਵਾਰਡ ਲਈ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਲੋਂ ਅਪਲਾਈ ਕੀਤੇ ਬਿਨਾਂ ਮੈਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ। ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਆਂ ਦੀ ਬਦੌਲਤ ਹੀ ਹੈ। ਕਿਸਾਨੀ ਪਰਵਾਰ ਵਿਚ ਜਨਮ ਲੈਣ ਤੋਂ ਲੈ ਕੇ ਹੁਣ ਤਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਾਈ ਹੈ। ਅੱਜ ਜਦੋਂ ਕਿਸਾਨੀ ਔਖ 'ਚ ਚੱਲ ਰਹੀ ਹੈ ਤਾਂ ਉਹ ਵੀ ਇਹ ਪੁਰਸਕਾਰ ਨਹੀਂ ਲੈਣਗੇ।
ਉਲੰਪਿਕ ਸਮੇਤ ਦੁਨੀਆਂ ਦੇ ਹਰ ਟੂਰਨਾਮੈਂਟ 'ਚ ਭਾਰਤ ਨੂੰ ਤਮਗ਼ਾ ਜਿਤਾਉਣ ਲਈ ਸੂਤਰਧਾਰ ਬਣੇ ਸਾਬਕਾ ਮੁੱਖ ਮੁੱਕੇਬਾਜ਼ੀ ਕੋਚ ਗੁਰਬਖ਼ਸ਼ ਸਿੰਘ ਸੰਧੂ ਦਰੋਣਾਚਾਰੀਆ ਐਵਾਰਡੀ, ਸਾਬਕਾ ਮੁੱਕੇਬਾਜ਼ ਕੌਰ ਸਿੰਘ ਪਦਮ ਸ਼੍ਰੀ ਤੇ ਅਰਜੁਨਾ ਐਵਾਰਡੀ ਜੈਪਾਲ ਸਿੰਘ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਅਪਣੇ ਪੁਰਸਕਾਰ ਵਾਪਸ ਕਰਨ ਦੀ ਚੇਤਾਵਨੀ ਦਿਤੀ ਹੈ। ਉਕਤ ਸ਼ਖ਼ਸੀਅਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਆਉਣ ਵਾਲੇ ਦਿਨਾਂ 'ਚ ਖੇਤੀਬਾੜੀ ਸਬੰਧੀ ਨਵੇਂ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਰੋਸ ਵਜੋਂ ਕੇਂਦਰ ਸਰਕਾਰ ਨੂੰ ਦਰੋਣਾਚਾਰੀਆ ਪੁਰਸਕਾਰ ਵਾਪਸ ਕਰ ਦੇਣਗੇ।
ਐਸ.ਏ.ਐਸ ਨਗਰ, (ਸੁਖਦੀਪ ਸਿੰਘ ਸੋਈ): ਕੇਂਦਰ ਸਰਕਾਰ ਦੇ ਕਿਸਾਨ-ਮਾਰੂ ਨਵੇਂ ਬਣੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅਤੇ ਕਿਸਾਨਾਂ ਦੇ
ਸੰਘਰਸ਼ ਦੇ ਹੱਕ ਵਿਚ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਜ਼ਿਲ੍ਹਾ ਸਿਖਿਆ ਅਫ਼ਸਰ ਨਰੰਜਨ ਸਿੰਘ, ਸਾਬਕਾ ਉਪ-ਜ਼ਿਲ੍ਹਾ ਸਿਖਿਆ ਅਫ਼ਸਰ ਨਰਿੰਦਰ ਸਿੰਘ ਸਮੇਤ ਸਿਖਿਆ ਵਿਭਾਗ ਪੰਜਾਬ ਦੇ ਸੱਤ ਸਾਬਕਾ ਨੈਸ਼ਨਲ-ਐਵਾਰਡੀ ਸਿਖਿਆ ਅਧਿਕਾਰੀਆਂ ਨੇ ਸੱਤ ਦਸੰਬਰ ਨੂੰ ਸਿੰਘੂ ਬਾਰਡਰ ਜਾ ਕੇ ਅਪਣੇ ਨੈਸ਼ਨਲ ਐਵਾਰਡ ਕੇਂਦਰ ਸਰਕਾਰ ਨੂੰ ਮੋੜਨ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਜ਼ਿਲ੍ਹਾ ਸਿਖਿਆ ਅਫ਼ਸਰ ਨਰੰਜਨ ਸਿੰਘ ਅਤੇ ਸਾਬਕਾ ਉਪ-ਜ਼ਿਲ੍ਹਾ ਸਿਖਿਆ ਅਫ਼ਸਰ ਨਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਨਾਲ਼-ਨਾਲ਼ ਸਾਬਕਾ ਡੀਪੀਆਈ ਸੁਖਦੇਵ ਸਿੰਘ ਕਾਹਲੋਂ, ਮੋਗਾ ਦੇ ਸਾਬਕਾ ਜ਼ਿਲ਼੍ਹਾ ਸਿਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਸਾਬਕਾ ਜ਼ਿਲ਼੍ਹਾ ਸਿਖਿਆ ਅਫ਼ਸਰ ਤਰਨਤਾਰਨ ਗੁਰਸ਼ਰਨਜੀਤ ਸਿੰਘ ਮਾਨ, ਸਾਬਕਾ ਮੈਂਬਰ ਸਟੇਟ ਐਡਵਾਈਜ਼ਰੀ ਬੋਰਡ ਸਤਨਾਮ ਸਿੰਘ ਸੇਖੋਂ ਅਤੇ ਰਿਟਾਇਰਡ ਲੈਕਚਰਾਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇਂ ਸਮੇਂ ਤੋਂ ਜਾਰੀ ਕਿਸਾਨਾਂ ਦੇ ਲਹੂ-ਵੀਟਵੇਂ ਸੰਘਰਸ਼ ਵਿਰੁਧ ਕੇਂਦਰ ਸਰਕਾਰ ਨੇ ਹੈਂਕੜਬਾਜ਼ੀ ਅਤੇ ਤਾਨਾਸ਼ਾਹੀਪੂਰਨ ਵਤੀਰਾ ਅਪਣਾ ਰਖਿਆ ਹੈ। ਨੈਸ਼ਨਲ ਐਵਾਰਡੀ ਇਨ੍ਹਾਂ ਸੱਤ ਸਿਖਿਆ ਮਾਹਿਰਾਂ ਨੇ ਰੋਸ ਵਜੋਂ ਕੇਂਦਰ ਸਰਕਾਰ ਦੇ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨ-ਮਾਰੂ, ਲੋਕ-ਮਾਰੂ ਤਿੰਨੇ ਖੇਤੀ ਕਨੂੰਨ ਬਿਨਾਂ ਹੋਰ ਦੇਰੀ ਦੇ ਰੱਦ ਕਰਨ ਦੀ ਅਪੀਲ ਵੀ ਕੀਤੀ।.