ਹੁਣ ਜੂਨ ਤੱਕ ਖੋਜ ਪੱਤਰ ਜਮ੍ਹਾਂ ਕਰ ਸਕਣਗੇ ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ
ਲੰਮੇ ਸਮੇਂ ਤੋਂ ਯੂਨੀਵਰਸਿਟੀਆਂ ਦੇ ਬੰਦ ਰਹਿਣ ਕਾਰਨ ਯੂਜੀਸੀ ਨੇ ਲਿਆ ਇਹ ਫ਼ੈਸਲਾ
ਚੰਡੀਗੜ੍ਹ - ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਐਮਫਿਲ ਤੇ ਪੀਐੱਚਡੀ ਦੇ ਵਿਦਿਆਰਥੀਆਂ ਨੂੰ ਖੋਜ ਪੱਤਰ ਜਮ੍ਹਾਂ ਕਰਵਾਉਣ ਲਈ ਹੋਰ ਛੇ ਮਹੀਨਿਆਂ ਦਾ ਸਮਾਂ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਲੰਬੇ ਸਮੇਂ ਤੋਂ ਯੂਨੀਵਰਸਿਟੀਆਂ ਦੇ ਬੰਦ ਰਹਿਣ ਕਾਰਨ ਯੂਜੀਸੀ ਨੇ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਖੋਜ ਪੱਤਰ ਜਮ੍ਹਾਂ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ
ਪਰ ਹੁਣ ਇਸ ਨੂੰ ਵਧਾ ਕੇ 30 ਜੂਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਫੈਲੋਸ਼ਿਪ ਦੀ ਮਿਆਦ ਪੰਜ ਸਾਲ ਤੱਕ ਦੀ ਰਹੇਗੀ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਯੂਨੀਵਰਸਿਟੀਆਂ ਬੰਦ ਹਨ। ਇਸ ਕਾਰਨ ਵਿਦਿਆਰਥੀ ਆਪਣੀ ਖੋਜ ਜਾਂ ਯੂਨੀਵਰਸਿਟੀ ਦੀਆਂ ਲੈਬਾਂ 'ਚ ਪ੍ਰਯੋਗ ਨਹੀਂ ਕਰ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਤਾਬਾਂ ਦਾ ਲਾਭ ਵੀ ਨਹੀਂ ਮਿਲ ਰਿਹਾ ਹੈ, ਜੋ ਖੋਜ ਪੱਤਰ ਪੂਰਾ ਕਰਨ ਲਈ ਜ਼ਰੂਰੀ ਹੈ।
ਯੂਜੀਸੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਤੇ ਲਾਕਡਾਊਨ ਨੂੰ ਦੇਖਦਿਆਂ 29 ਅਪ੍ਰਰੈਲ ਨੂੰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਤੇ ਅਕਾਦਮਿਕ ਸੈਸ਼ਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ। ਇਸ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਖੋਜ ਪੱਤਰ ਜਮ੍ਹਾਂ ਕਰਨਾ ਸੀ, ਉਨ੍ਹਾਂ ਨੂੰ ਇਸ ਕੰਮ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ।