ਪੰਜਾਬ ਬਾਰ ਕੌਂਸਲ ਵੀ ਕਿਸਾਨਾਂ ਲਈ ਕੁਝ ਕਰੇ : ਫੂਲਕਾ
ਪੰਜਾਬ ਬਾਰ ਕੌਂਸਲ ਵੀ ਕਿਸਾਨਾਂ ਲਈ ਕੁਝ ਕਰੇ : ਫੂਲਕਾ
ਲੁਧਿਆਣਾ, 4 ਦਸੰਬਰ (ਅਮਰਜੀਤ ਸਿੰਘ ਕਲਸੀ) : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਅੱਜ ਕਿਸਾਨਾਂ ਦੇ ਨੁਮਾਇੰਦੇ ਗੁਰਨਾਮ ਸਿੰਘ ਚਡੂਨੀ, ਬਲਦੇਵ ਸਿੰਘ ਸਿਰਸਾ, ਰਣਜੀਤ ਸਿੰਘ ਰਾਜੂ ਨਾਲ ਕੀਤੀ ਮੀਟਿੰਗ ਤੇ ਕਿਸਾਨਾਂ ਦਾ ਪੂਰਾ ਸਾਥ ਦੇਣ ਦਾ ਐਲਾਨ ਕੀਤਾ। ਹਰਵਿੰਦਰ ਸਿੰਘ ਫੂਲਕਾ ਸੀਨੀਅਰ ਵਕੀਲ ਜਿਨ੍ਹਾਂ ਨੇ ਇਹ ਮੀਟਿੰਗ ਕਰਵਾਈ ਅਤੇ ਦਸਿਆ ਕਿ ਦੁਸ਼ਯੰਤ ਦਵੇ ਨੇ ਇਹ ਵੀ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਤੇ ਉਨ੍ਹਾਂ ਦੇ ਕੇਸ ਮੁਫ਼ਤ ਲੜਨ ਲਈ ਤਿਆਰ ਹਨ। ਇਸ ਮੌਕੇ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਬਾਰ ਕੌਂਸਲ ਨੂੰ ਇਹ ਕਿਹਾ ਕਿ ਦਿੱਲੀ ਬਾਰ ਕੌਂਸਲ ਨੇ ਪਹਿਲਾਂ ਹੀ ਕਿਸਾਨਾਂ ਦੀ ਮਦਦ ਲਈ ਪੂਰੀ ਤਰ੍ਹਾਂ ਐਲਾਨ ਕਰ ਦਿਤਾ ਹੈ ਤੇ ਨਾਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤਿੰਨੇ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਲਈ ਵੀ ਮੰਗ ਕੀਤੀ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਬਾਰ ਕੌਂਸਲ ਨੇ ਨਾ ਕੋਈ ਕਿਸਾਨਾਂ ਦੀ ਮਦਦ ਵਿਚ ਅਪੀਲ ਕੀਤੀ ਹੈ ਤੇ ਨਾ ਹੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੋਈ ਚਿੱਠੀ ਲਿਖੀ ਹੈ ਤੇ ਨਾਂ ਕੋਈ ਕਦਮ ਉਠਾਏ ਹਨ ।
ਬਾਰ ਕੌਂਸਲ ਦੇ ਚੈਅਰਮੇਨ ਰਮੇਸ਼ ਗੁਪਤਾ ਨੇ ਤੁਰਤ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਇਹ ਤਿੰਨੋ ਕਿਸਾਨ ਵਿਰੋਧੀ ਬਿਲ ਵਾਪਸ ਲਏ ਜਾਣ ਤੇ ਉਸ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਕਿਹੋ ਜਹੇ ਕਾਨੂੰਨ ਬਣਨੇ ਚਾਹੀਦੇ ਹਨ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਪੰਜਾਬ ਦੇ ਕਿਸਾਨ ਸੜਕਾਂ ਉਤੇ ਬੈਠੇ ਹਨ ਪਰ ਪੰਜਾਬ ਦੀ ਬਾਰ ਕੌਂਸਲ ਨੇ ਕੋਈ ਵੀ ਕਦਮ ਨਹੀਂ ਉਠਾਇਆਂ ਤੇ ਨਾ ਹੀ ਕਿਸਾਨਾਂ ਨਾਲ ਖੜੀ ਹੋਈ, ਜਦੋਂ ਕਿ ਇਹ ਬਿਲ ਨਾ ਸਿਰਫ ਕਿਸਾਨਾਂ ਵਿਰੁਧ ਹਨ ਸਗੋਂ ਵਕੀਲਾਂ ਵਿਰੁਧ ਵੀ ਹਨ, ਕਿਉਂਕਿ ਇਨ੍ਹਾਂ ਬਿਲਾਂ ਨੂੰ 'ਸਿਵਿਲ ਕੋਰਟ ਦੇ ਅਧਿਕਾਰ ਖੇਤਰ' ਤੋਂ ਬਾਹਰ ਰੱਖਿਆ ਹੋਇਆ ਹੈ। ਸਰਦਾਰ ਫੂਲਕਾ ਨੇ ਪੰਜਾਬ ਬਾਰ ਕੌਂਸਲ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰਤ ਅਪਣੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਨ੍ਹਾਂ ਕਿਸਾਨਾਂ ਦੇ ਹੱਕ ਵਿਚ ਨਿਤਰਣ ਅਤੇ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਇਹ ਤਿੰਨੇ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਦੀ ਮੰਗ ਕਰਣ ।