ਚੰਡੀਗੜ੍ਹ, 4 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਐਮਪੀ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਫ਼ਸਲਾਂ ਦੀ ਐਮਐਸਪੀ ਉਤੇ ਖ਼ਰੀਦ ਨੂੰ ਕਾਨੂੰਨੀ ਗਰੰਟੀ ਦੇਵੇਂ ਅਤੇ ਖੇਤੀ ਸਬੰਧੀ ਸਾਰੇ ਕਾਲੇ ਕਾਨੂੰਨ ਰੱਦ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਸਰਕਾਰ ਨੇ ਅੜੀਅਲ ਅਤੇ ਗ਼ੈਰ-ਮਨੁੱਖੀ ਰਵੱਈਆ ਅਪਣਾਇਆ ਹੋਇਆ ਹੈ, ਜੋ ਅਤਿ ਨਿੰਦਣਯੋਗ ਹੈ। ਲੱਖਾਂ ਅੰਦੋਲਨਕਾਰੀ ਕਿਸਾਨ ਠੰਢੀਆਂ ਰਾਤਾਂ 'ਚ ਖੁਲ੍ਹੇ ਅਸਮਾਨ ਹੇਠ ਬੈਠੇ ਹਨ ਜਿੰਨਾ 'ਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਣਹੋਣੀਆਂ ਕਾਰਨ ਮੌਤਾਂ ਵੀ ਹੋਣ ਲੱਗੀਆਂ ਹਨ।
ਸ਼ੁਕਰਵਾਰ ਨੂੰ ਭਗਵੰਤ ਮਾਨ ਇਥੇ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ਸਪੀਕਰ ਉਮ ਬਿਰਲਾ ਨੂੰ ਵੀ ਪੱਤਰ ਲਿਖ ਕੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰਾਂ ਨੇ ਵੀ ਵਿਸ਼ੇਸ਼ ਸੈਸ਼ਨ ਮੰਗਿਆ ਹੈ, ਕਿਉਂਕਿ ਮਸਲੇ ਦਾ ਇਕ ਮਾਤਰ ਹਲ ਐਮਐਸਪੀ ਤੇ ਖ਼ਰੀਦ ਨੂੰ ਕਾਨੂੰਨੀ ਗਰੰਟੀ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਹੈ।
image