ਅਮਿਤ ਸ਼ਾਹ ਨੇ ਪੰਜਾਬ ਵਿਚ ਕੈਪਟਨ,ਢੀਂਡਸਾ,ਬੀਜੇਪੀ ਗਠਜੋੜ ਦੀ ਸੰਭਾਵਨਾਬਾਰੇਪਹਿਲੀ ਵਾਰ ਮੂੰਹਖੋਲਿ੍ਹਆ

ਏਜੰਸੀ

ਖ਼ਬਰਾਂ, ਪੰਜਾਬ

ਅਮਿਤ ਸ਼ਾਹ ਨੇ ਪੰਜਾਬ ਵਿਚ ਕੈਪਟਨ, ਢੀਂਡਸਾ, ਬੀਜੇਪੀ ਗਠਜੋੜ ਦੀ ਸੰਭਾਵਨਾ ਬਾਰੇ ਪਹਿਲੀ ਵਾਰ ਮੂੰਹ ਖੋਲਿ੍ਹਆ

IMAGE

ਪੰਜਾਬ ਵਿਚ ਗਠਜੋੜ ਲਈ ਭਾਜਪਾ ਦੀ ਕੈਪਟਨ ਅਤੇ ਢੀਂਡਸਾ ਨਾਲ ਚਲ ਰਹੀ ਹੈ ਗੱਲਬਾਤ : ਸ਼ਾਹ


ਕਿਹਾ, ਜਦੋਂ ਦੋ ਕੈਮੀਕਲ ਮਿਲਦੇ ਹਨ ਤਾਂ ਤੀਜੇ ਦਾ ਨਿਰਮਾਣ ਹੁੰਦੈ

ਨਵੀਂ ਦਿੱਲੀ, 4 ਦਸੰਬਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਸਨਿਚਰਵਾਰ ਨੂੰ  ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗਠਜੋੜ ਨੂੰ  ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਚਲ ਰਹੀ ਹੈ |
ਐਚਟੀ ਲੀਡਰਸ਼ਿਪ ਸਮਿਟ 'ਚ ਅਪਣੇ ਸੰਬੋਧਨ ਦੇ ਬਾਅਦ ਇਕ ਬਿਆਨ ਵਿਚ ਸ਼ਾਹ ਨੇ ਇਸ ਸੰਭਾਵਨਾ ਨੂੰ  ਖ਼ਾਰਜ ਕਰ ਦਿਤਾ ਕਿ ਕਿਸਾਨ ਅੰਦੋਲਨ ਦਾ ਪੰਜਾਬ ਅਤੇ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਿਸੇ ਤਰ੍ਹਾਂ ਦਾ ਕੋਈ ਅਸਰ ਹੋਵੇਗਾ | ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ  ਰੱਦ ਕੀਤੇ ਜਾਣ ਦੇ ਬਾਅਦ ਹੁਣ ਕੋਈ ਮਾਮਲਾ ਨਹੀਂ ਰਹਿ ਜਾਂਦਾ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਉਤਰ ਪ੍ਰਦੇਸ਼ 'ਚ ਮੁੜ ਤੋਂ ਸਰਕਾਰ ਬਣਾਏਗੀ | ਪੰਜਾਬ ਅਤੇ ਉਤਰ ਪ੍ਰਦੇਸ਼ ਸਮੇਤ ਕੁਲ ਪੰਜ ਰਾਜਾਂ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਸ਼ਾਹ ਨੇ ਕਿਹਾ, ''ਅਸੀਂ ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਨਾਲ ਗੱਲ ਕਰ ਰਹੇ ਹਾਂ | ਸੰਭਾਵਨਾ ਹੈ ਕਿ ਅਸੀਂ ਉਨ੍ਹਾਂ ਦੀਆਂ ਪਾਰਟੀਆਂ ਨਾਲ ਗਠਜੋੜ ਕਰਾਂਗੇ | ਅਸੀਂ ਸਕਰਾਤਮਕ ਭਾਵਨਾ ਨਾਲ ਦੋਹਾਂ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਾਂ |'' ਕਿਸਾਨਾਂ ਦੇ ਅੰਦੋਲਨ ਬਾਰੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ  ਰੱਦ ਕਰ ਕੇ ਵੱਡਾ ਦਿਲ ਦਿਖਾਇਆ ਹੈ | ਉਨ੍ਹਾਂ ਕਿਹਾ, ''ਕਿਸਾਨਾਂ ਦਾ ਅੰਦੋਲਨ ਖ਼ਤਮ ਹੋਵੇ
ਇਸ ਲਈ ਪ੍ਰਧਾਨ ਮੰਤਰੀ ਨੇ ਵੱਡਾ ਦਿਲ ਦਿਖਾਇਆ ਹੈ..ਠੀਕ ਹੈ ਭਾਈ...ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿਤ 'ਚ ਨਹੀਂ ਹਨ..ਤਿੰਨੇ ਕਾਨੂੰਨਾ ਨੂੰ  ਰੱਦ ਕਰ ਦਿਤਾ ਗਿਆ... ਹੁਣ ਮੈਂ ਨਹੀਂ ਸਮਝਦਾ ਦੀ ਪੰਜਾਬ 'ਚ ਕੋਈ ਹੋਰ ਮੁੱਦਾ ਬਚਿਆ ਹੈ | ਚੋਣਾਂ ਮੈਰਿਟ ਦੇ ਆਧਾਰ 'ਤੇ ਲੜੀਆਂ ਜਾਣਗੀਆਂ |''
ਇਹ ਪੁਛੇ ਜਾਣ 'ਤੇ ਕਿ ਕੀ ਪਛਮੀ ਉਤਰ ਪ੍ਰਦੇਸ਼ 'ਚ ਚੋਣਾਂ ਦਾ ਮਾਹੌਲ ਬਦਲਿਆ ਹੈ, ਸ਼ਾਹ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦਾ ਬਹੁਤ ਘੱਟ ਅਸਰ ਹੈ | ਭਾਜਪਾ ਦੇ ਕੁੱਝ ਸਹਿਯੋਗੀਆਂ ਦੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ ਨਾਲ ਗਠਜੋੜ ਕਰਨ ਬਾਰੇ ਪੁੱਛੇ ਜਾਣ 'ਤੇ ਸ਼ਾਹ ਨੇ ਕਿਹਾ ਕਿ ਗਠਜੋੜਾਂ ਨੂੰ  ਵੋਟਾਂ ਦੇ ਗਣਿਤ ਨਾਲ ਜੋੜਨਾ ਚੋਣਾਂ ਦੇ ਮੁਲਾਂਕਨ ਦਾ ਸਹੀ ਤਰੀਕਾ ਨਹੀਂ ਹੈ | ਉਨ੍ਹਾਂ ਕਿਹਾ, ''ਰਾਜਨੀਤੀ ਫ਼ਿਜ਼ਿਕਸ ਨਹੀਂ ਕੈਮਿਸਟਰੀ ਹੈ | ਮੇਰੇ ਮੁਤਾਬਕ ਜਦ ਦੋ ਪਾਰਟੀਆਂ ਹੱਥ ਮਿਲਾਉਂਦੀਆਂ ਹਨ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਦੋਨਾਂ ਦੇ ਵੋਟ ਵੀ ਜੁੜਣਗੇ | ਜਦੋਂ ਦੋ ਕੈਮਿਕਲ ਮਿਲਦੇ ਹਨ ਤਾਂ ਤੀਜੇ ਕੈਮਿਕਲ ਦਾ ਵੀ ਨਿਰਮਾਣ ਹੁੰਦਾ ਹੈ |'' ਕੇਂਦਰੀ ਮੰਤਰੀ ਨੇ ਕਿਹਾ, ''ਅਸੀਂ ਪਹਿਲਾਂ ਵੀ ਦੇਖਿਆ ਹੈ ਜਦੋਂ ਸਪਾ ਅਤੇ ਕਾਂਗਰਸ ਨੇ ਹੱਥ ਮਿਲਾਇਆ ਅਤੇ ਬਾਅਦ ਵਿਚ ਤਿੰਨੇ (ਸਪਾ, ਬਸਪਾ ਅਤੇ ਕਾਂਗਰਸ) ਇਕੱਠੇ ਆ ਗਈ..ਪਰ ਜਿੱਤ ਭਾਜਪਾ ਦੀ ਹੋਈ | ਲੋਕ ਜਾਗਰੂਕ ਹਨ | ਵੋਟ ਬੈਂਕ ਦੇ ਆਧਾਰ 'ਤੇ ਬਣਨ ਵਾਲਾ ਗਠਜੋੜ ਹੁਣ ਲੋਕਾਂ ਦਾ ਮਾਰਗਦਰਸ਼ਨ ਨਹੀਂ ਕਰ ਸਕਦਾ |''     (ਏਜੰਸੀ)