BJP ਦੇ ਵੱਡੇ ਆਗੂ ਨੇ ਫ਼ੋਨ ਕਰ ਮੈਨੂੰ ਖ਼ਰੀਦਣ ਦੀ ਕੀਤੀ ਕੋਸ਼ਿਸ਼ - ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ, ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ।
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਵਿੱਚ ਭਾਜਪਾ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ, ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ। ਭਾਜਪਾ ਬਹੁਤ ਹੇਰਾਫੇਰੀ ਦੀ ਰਾਜਨੀਤੀ ਕਰਦੀ ਹੈ। 4 ਦਿਨ ਪਹਿਲਾਂ ਮੈਨੂੰ ਬੀਜੇਪੀ ਦੇ ਇੱਕ ਬਹੁਤ ਵੱਡੇ ਲੀਡਰ ਦਾ ਫ਼ੋਨ ਆਇਆ ਕਿ ਤੁਸੀਂ ਦੱਸੋ ਭਾਜਪਾ ਆ ਕੇ ਕੀ ਕਰੇਗੀ?
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਮਿਸ਼ਨ 'ਤੇ ਨਹੀਂ, ਮਿਸ਼ਨ 'ਤੇ ਹਾਂ, ਅਜੇ ਤੱਕ ਉਹ ਨੋਟ ਨਹੀਂ ਬਣਿਆ, ਜਿਸ ਨਾਲ ਭਗਵੰਤ ਨੂੰ ਖ਼ਰੀਦਿਆ ਜਾ ਸਕੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਦੋਂ ਮੇਰਾ ਕਰੀਅਰ ਸਿਖਰਾਂ 'ਤੇ ਸੀ ਤਾਂ ਮੈਂ ਇਸ ਨੂੰ ਛੱਡ ਕੇ ਰਾਜਨੀਤੀ 'ਚ ਆ ਗਿਆ।
ਭਾਜਪਾ ਵਾਲਿਆਂ ਕੋਲ ਭਗਵੰਤ ਖ਼ਰੀਦਣ ਲਈ ਪੈਸੇ ਨਹੀਂ ਹਨ, ਮੇਰੀ ਪਾਰਟੀ ਨਾਲ ਕੋਈ ਲੜਾਈ ਨਹੀਂ ਹੈ, ਜੇਕਰ ਕੋਈ ਚੀਜ਼ ਹੈ, ਤਾਂ ਉਹ ਪਾਰਟੀ ਦੇ ਅੰਦਰ ਆਪਣੇ ਆਪ ਦੇਖ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵਾਲੇ ਸਾਡੇ ਵਿਧਾਇਕਾਂ ਨੂੰ ਵੀ ਬੁਲਾ ਰਹੇ ਹਨ, ਇਸ ਦਾ ਵੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਧਿਆਪਕਾਂ ਨਾਲ ਦਿੱਲੀ 'ਚ ਧਰਨੇ 'ਤੇ ਬੈਠੇ ਹਨ, ਉਨ੍ਹਾਂ 'ਚੋਂ ਕਈ ਤਾਂ ਅਧਿਆਪਕ ਵੀ ਨਹੀਂ ਹਨ। ਪਿਛਲੇ ਕਈ ਦਿਨਾਂ ਤੋਂ ਕਾਂਗਰਸੀਆਂ ਦੀਆਂ ਪ੍ਰੈੱਸ ਕਾਨਫਰੰਸਾਂ 'ਚ ਸਿਰਫ ਕੇਜਰੀਵਾਲ ਦਾ ਨਾਂ ਹੈ, ਸੁਖਬੀਰ ਬਾਦਲ ਦਾ ਨਹੀਂ, ਕੇਜਰੀਵਾਲ ਦਾ ਡਰ ਹੈ।
ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਚਿਹਰੇ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਦੇ ਸਾਹਮਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਚੰਗਾ ਚਿਹਰਾ ਹੋਵੇਗਾ ਤਾਂ ਵਿਚਕਾਰ ਜਾ ਕੇ ਬਦਲਾਂਗੇ ਨਹੀਂ।