ਫ਼ਿਲਹਾਲ ਜਾਰੀ ਰਹੇਗਾ ਕਿਸਾਨ ਸੰਘਰਸ਼

ਏਜੰਸੀ

ਖ਼ਬਰਾਂ, ਪੰਜਾਬ

ਫ਼ਿਲਹਾਲ ਜਾਰੀ ਰਹੇਗਾ ਕਿਸਾਨ ਸੰਘਰਸ਼

IMAGE

 


ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਨਾਲ ਬਾਕੀ ਮੰਗਾਂ ਬਾਰੇ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਬਣਾਈ

ਚੰਡੀਗੜ੍ਹ, 4 ਦਸੰਬਰ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੋਈ ਅਹਿਮ ਮੀਟਿੰਗ ਵਿਚ ਸੰਘਰਸ਼ ਖ਼ਤਮ ਕਰਨ ਬਾਰੇ ਫ਼ਿਲਹਾਲ ਕੋਈ ਸਹਿਮਤੀ ਨਹੀਂ ਬਣ ਸਕੀ | ਮਿਲੀ ਜਾਣਕਾਰੀ ਮੁਤਾਬਕ ਬਹੁਤੀਆਂ ਜਥੇਬੰਦੀਆਂ ਭਾਵੇਂ ਤਿੰਨ ਖੇਤੀ ਕਾਨੂੰਨ ਸੰਸਦ ਵਿਚ ਰੱਦ ਹੋਣ ਬਾਅਦ ਮੋਰਚਾ ਖ਼ਤਮ ਕਰਨ ਦੇ ਹੱਕ ਵਿਚ ਹਨ ਪਰ ਕੁੱਝ ਹੋਰ ਮੰਗਾਂ ਬਾਰੇ ਕੇਂਦਰ ਸਰਕਾਰ ਦਾ ਰਵਈਆ ਸਪੱਸ਼ਟ ਨਾ ਹੋਣ ਕਾਰਨ ਹਾਲੇ ਸੰਘਰਸ਼ ਬਰਕਰਾਰ ਹੈ |
ਅੱਜ ਹੋਈ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਬਾਕੀ ਰਹਿੰਦੀਆਂ ਮੰਗਾਂ ਬਾਰੇ ਸਰਕਾਰ ਨਾਲ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਹੈ | ਇਸ ਵਿਚ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਡੂਨੀ, ਅਸ਼ੋਕ ਧਾਵਲੇ, ਯੁਧਵੀਰ ਸਿੰਘ ਅਤੇ ਸ਼ਿਵ ਕੁਮਾਰ ਕੱਕਾ ਨੂੰ  ਸ਼ਾਮਲ ਕੀਤਾ ਗਿਆ ਹੈ | ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਹ ਕਮੇਟੀ ਐਮ.ਐਸ.ਪੀ. ਮਾਮਲੇ ਬਾਰੇ ਨਹੀਂ ਹੈ ਅਤੇ ਇਸ ਕਮੇਟੀ ਦੇ ਮੈਂਬਰਾਂ
ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ | ਗਠਤ ਕੀਤੀ ਪੰਜ ਮੈਂਬਰੀ ਕਮੇਟੀ ਪ੍ਰਧਾਨ ਮੰਤਰੀ ਨੂੰ  ਬਾਕੀ ਮੰਗਾਂ ਬਾਰੇ ਭੇਜੇ ਮੰਗ ਪੱਤਰ ਵਿਚ ਸ਼ਾਮਲ ਮੰਗਾਂ ਬਾਰੇ ਹੀ ਸੱਦਾ ਆਉਣ ਤੇ ਗੱਲਬਾਤ ਕਰੇਗੀ | ਇਸ ਗੱਲ ਉਪਰ ਰੋਸ ਪ੍ਰਗਟ ਕੀਤਾ ਗਿਆ ਕਿ ਹਾਲੇ ਤਕ ਬਾਕੀ ਮੰਗਾਂ ਬਾਰੇ ਭੇਜੇ ਪੱਤਰ ਦਾ ਕੋਈ ਜਵਾਬ ਨਹੀਂ ਆਇਆ |
ਬਾਕੀ ਮੰਗਾਂ ਵਿਚ ਐਮ.ਐਸ.ਪੀ. ਦਾ ਕਾਨੂੰਨ ਬਣਾਉਣ ਲਈ ਸਮਾਂਬੱਧ ਫ਼ੈਸਲੇ ਲਈ ਕਮੇਟੀ ਬਣਾਉਣ, ਲਖਮੀਰਪੁਰ ਕਾਂਡ ਦੇ ਮੁੱਖ ਮੁਲਜ਼ਮ ਦੇ ਪਿਤਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ  ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ, ਸ਼ਹੀਦ ਕਿਸਾਨ ਪ੍ਰਵਾਰਾਂ ਨੂੰ  ਮੁਆਵਜ਼ਾ ਦੇਣ ਅਤੇ ਕਿਸਾਨਾਂ ਉਪਰ ਸੱਭ ਰਾਜਾਂ ਤੇ ਦਿੱਲੀ ਵਿਚ ਦਰਜ ਸਾਰੇ ਕੇਸ ਵਾਪਸ ਲੈਣਾ ਸ਼ਾਮਲ ਹੈ | ਕਿਸਾਨਾਂ ਨੇ ਇਨ੍ਹਾਂ ਮੰਗਾਂ ਬਾਰੇ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ | ਸੰਘਰਸ਼ ਦੀ ਅਗਲੀ ਰਣਨੀਤੀ ਲਈ 7 ਦਸੰਬਰ ਨੂੰ  ਮੁੜ ਮੀਟਿੰਗ ਸੱਦੀ ਗਈ ਹੈ | ਕੇਂਦਰ ਵਲੋਂ ਸ਼ਹੀਦ ਕਿਸਾਨਾਂ ਦਾ ਡਾਟਾ ਨਾ ਹੋਣ ਦੇ ਜਵਾਬ ਵਿਚ ਮੋਰਚੇ ਨੇ 708 ਸ਼ਹੀਦ ਕਿਸਾਨਾਂ ਦੇ ਨਾਂ 'ਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਸੂਚੀ ਕੇਂਦਰ ਸਰਕਾਰ ਨੂੰ  ਭੇਜਣ ਦਾ ਫ਼ੈਸਲਾ ਲਿਆ ਗਿਆ |
ਅੱਜ ਦੀ ਮੀਟਿੰਗ ਵਿਚ ਸ਼ਾਮਲ ਪ੍ਰਮੁੱਖ ਆਗੂਆਂ ਵਿਚ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ, ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਕੁਲਵੰਤ ਸਿੰਘ ਸੰਧੂ, ਹਰਿੰਦਰ ਸਿੰਘ ਲੱਖੋਵਾਲ, ਯੁਧਵੀਰ ਸਿੰਘ, ਗੁਰਨਾਮ ਸਿੰਘ ਚਡੂਨੀ ਆਦਿ ਸ਼ਾਮਲ ਰਹੇ |