ਦਿੱਲੀ ਸਿੱਖਿਆ ਮਾਡਲ ਨੂੰ ਲੈ ਕੇ ਨਵਜੋਤ ਸਿੱਧੂ ਦਾ ਕੇਜਰੀਵਾਲ 'ਤੇ ਤੰਜ਼, ਕੀਤਾ ਵੱਡਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ

Arvind Kejirwal, Navjot Sidhu

 

ਚੰਡੀਗੜ੍ਹ - ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਅਧਿਆਪਕਾਂ ਤੇ ਸਿੱਖਿਆ ਬਾਰੇ ਵੱਡੇ-ਵੱਡੇ ਵਾਅਦੇ ਕਰ ਕੇ ਗਏ ਹਨ ਤੇ ਇਸੇ ਨੂੰ ਲੈ ਕੇ ਮਨੀਸ਼ ਸਿਸੋਦੀਆ ਤੇ ਪਰਗਟ ਸਿੰਘ ਵਿਚਕਾਰ ਟਵਿੱਟਰ ਵਾਰ ਵੀ ਛਿੜ ਗਈ ਸੀ। ਇਸ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਹਨ ਤੇ ਕਿਹਾ ਹੈ ਕਿ ਦਿੱਲੀ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ। 

ਨਵਜੋਤ ਸਿੱਧੂ ਨੇ 4 ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਦਿੱਲੀ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ…ਦਿੱਲੀ ਸਰਕਾਰ ਕੋਲ 1031 ਸਕੂਲ ਹਨ ਜਦੋਂ ਕਿ ਸਿਰਫ਼ 196 ਸਕੂਲਾਂ ਵਿਚ ਪ੍ਰਿੰਸੀਪਲ ਹਨ… 45% ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹਨ ਅਤੇ ਸਕੂਲ 22,000 ਗੈਸਟ ਟੀਚਰਾਂ ਦੁਆਰਾ ਦਿਹਾੜੀ ’ਤੇ ਚਲਾਏ ਜਾਂਦੇ ਹਨ ਉਹ ਵੀ 15 ਦਿਨਾਂ ਵਿਚ ਠੇਕੇ ਦੇ ਨਵੀਨੀਕਰਨ ਨਾਲ!! 

ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ 'ਆਪ' ਨੇ ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ਼ ਗੈਸਟ ਟੀਚਰਾਂ ਨੂੰ ਰੱਖ ਕੇ ਇਸ ਨੂੰ ਹੋਰ ਬੱਦਤਰ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ, ਅਖੌਤੀ 'ਆਪ' ਵਲੰਟੀਅਰ ਸਰਕਾਰੀ ਫੰਡਾਂ ਤੋਂ ਸਾਲਾਨਾ 5 ਲੱਖ ਕਮਾਉਂਦੇ ਹਨ ਜੋ ਪਹਿਲਾਂ ਸਕੂਲ ਦੇ ਵਿਕਾਸ ਲਈ ਹੁੰਦੇ ਸਨ!

ਇਸ ਤੋਂ ਅੱਗੇ ਤੀਜੇ ਟਵੀਟ ਵਿਚ ਉਹਨਾਂ ਨੇ ਕਿਹਾ ਕਿ '2015 ਦੇ ਚੋਣ ਮਨੋਰਥ ਪੱਤਰ ਵਿਚ 'ਆਪ' ਨੇ ਦਿੱਲੀ ਵਿਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਸੀਂ ਦਿੱਲੀ ਵਿਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਤੁਹਾਡੀਆਂ ਅਸਫ਼ਲ ਗਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ!! 2015 ਵਿਚ ਦਿੱਲੀ ਵਿਚ ਅਧਿਆਪਕਾਂ ਦੀਆਂ 12,515 ਨੌਕਰੀਆਂ ਖ਼ਾਲੀ ਸਨ ਪਰ 2021 ਵਿਚ ਦਿੱਲੀ ਵਿਚ ਅਧਿਆਪਕਾਂ ਦੀਆਂ 19,907 ਨੌਕਰੀਆਂ ਖ਼ਾਲੀ ਹਨ। 'ਆਪ' ਸਰਕਾਰ ਗੈਸਟ ਲੈਕਚਰਾਰਾਂ ਰਾਹੀਂ ਖ਼ਾਲੀ ਅਸਾਮੀਆਂ ਭਰ ਰਹੀ ਹੈ!!''