ਪੰਜਾਬ ਰਾਜਨੀਤੀ : ਅਪਣੇ ਹੀ ਅਪਣਿਆਂ ਨੂੰ ਹੇਠਾਂ ਲਗਾਉਣ ਲੱਗੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਰਾਜਨੀਤੀ : ਅਪਣੇ ਹੀ ਅਪਣਿਆਂ ਨੂੰ ਹੇਠਾਂ ਲਗਾਉਣ ਲੱਗੇ

image

ਜਾਖੜ ਤੇ ਸਿੱਧੂ ਦੀ ਲੜਾਈ ਦਾ ਕੈਪਟਨ ਨੂੰ 

ਚੰਡੀਗੜ੍ਹ 5 ਦਸੰਬਰ (ਅੰਕੁਰ ਤਾਂਗੜੀ): ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਿਚ ਚਲ ਰਿਹਾ ਆਪਸੀ ਕਲੇਸ਼ ਮੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਪੰਜਾਬ ਦੇ ਸੀਨੀਅਰ ਨੇਤਾ ਅਪਣੇ ਹੀ ਆਗੂਆਂ ਵਿਰੁਧ ਬਿਆਨ ਦੇ ਰਹੇ ਹਨ। ਜੇ ਪੰਜਾਬ ਦਾ ਕੋਈ ਲੀਡਰ ਕੋਈ ਘੋਸ਼ਣਾ ਕਰਦਾ ਹੈ ਤਾਂ ਕੋਈ ਦੂਜਾ ਲੀਡਰ ਅਗਲੇ ਦਿਨ ਇਹ ਬਿਆਨ ਦੇ ਕਿ ਜਨਤਾ ਨੂੰ ਲੌਲੀਪਾਪ ਨਾ ਦਿਉ ਉਸ ਘੋਸ਼ਣਾ ਤੇ ਪਾਣੀ ਫੇਰ ਦਿੰਦਾ ਹੈ। 
ਉਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤਾਂ ਚੰਨੀ ਸਰਕਾਰ ਆਉਣ ਤੋਂ ਹੀ ਪਾਰਟੀ ਤੋਂ ਨਰਾਜ਼ ਚਲ ਰਹੇ ਹਨ। ਅਸਲ ਵਿਚ ਜਾਖੜ ਵੀ ਪਾਰਟੀ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਸਨ ਅਤੇ ਜਾਖੜ ਨੂੰ ਕਾਂਗਰਸ ਦੇ 40 ਵਿਧਾਇਕਾਂ ਨੇ ਮੁੱਖ ਮੰਤਰੀ ਬਣਾਉਣ ਲਈ ਅਪਣਾ ਸਮਰਥਨ ਦਿਤਾ ਸੀ ਪਰ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਨ ਦਿਤਾ ਜਿਸ ਤੋਂ ਬਾਅਦ ਤੋਂ ਜਾਖੜ ਨੇ ਲਗਾਤਾਰ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ ਅਤੇ ਪਾਰਟੀ ਵਲੋਂ ਬਣਾਈ ਗਈ ਮੌਜੂਦਾ ਸਰਕਾਰ ਨਾਲ ਕੰਮ ਕਰਨ ਤੋਂ ਮਨਾ ਕਰ ਦਿਤਾ ਹੈ। 
ਜਾਖੜ ਦੀ ਇਸ ਦੂਰੀ ਤੋਂ ਕਾਂਗਰਸ ਹਾਈਕਮਾਨ ਬਹੁਤ ਪ੍ਰੇਸ਼ਾਨ ਹੈ ਕਿਉਂਕਿ ਜਾਖੜ ਦੇ ਕਾਂਗਰਸ ਨੂੰ ਸਮਰਥਨ ਨਾ ਮਿਲਣ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਪੰਜਾਬ ਵਿਚ ਚੋਣ ਜ਼ਾਬਤੇ ਦਾ ਇੰਤਜ਼ਾਰ ਕਰ ਰਹੇ ਹਨ।  ਉਸ ਤੋਂ ਬਾਅਦ ਹੀ ਪੰਜਾਬ ਰਾਜਨੀਤੀ ਦੇ ਸਮੀਕਰਨ ਬਦਲਣਗੇ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਈ ਪਾਰਟੀਆਂ ਦੇ ਆਗੂ ਸਾਡੀ ਨਵੀਂ ਪਾਰਟੀ ਨਾਲ ਜੁੜਨਗੇ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਉਨ੍ਹਾਂ ਦੇ ਸੰਪਰਕ ਵਿਚ ਹਨ ਜਦੋਂ ਹੀ ਚੋਣ ਜ਼ਾਬਤਾ ਲੱਗੇਗਾ ਉਹ ਸੀਨੀਅਰ ਨੇਤਾ ਖੁੱਲ੍ਹ ਕੇ ਸਾਹਮਣੇ ਆਉਣਗੇ।  ਇੰਨਾ ਹੀ ਨਹੀਂ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਪੰਜਾਬ ਸਰਕਾਰ ਦੀ ਕਾਰਜਕਾਰੀ ਤੋਂ ਖ਼ੁਸ਼ ਨਹੀਂ ਨਜ਼ਰ ਆ ਰਹੇ ਹਨ। ਤਿਵਾੜੀ ਨੇ ਤਾਂ ਪੰਜਾਬ ਸਰਕਾਰ ਨੂੰ ਟਵੀਟ ਕਰ ਕੇ ਤਬਾਦਲਿਆਂ ਦੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਸੀ। ਅਸਲ ਵਿਚ ਇਕ ਦਿਨ ਮਨੀਸ਼ ਤਿਵਾੜੀ ਨੇ ਜਿੰਨੇ ਵੀ ਅਧਿਕਾਰੀਆਂ ਨੂੰ ਫ਼ੋਨ ਕੀਤੇ। ਉਨ੍ਹਾਂ ਸੱਭ ਨੇ ਤਿਵਾੜੀ ਨੂੰ ਜਵਾਬ ਦਿਤਾ ਕਿ ਉਨ੍ਹਾਂ ਦਾ ਤਬਾਦਲਾ ਹੋ ਗਿਆ ਹੈ ਅਤੇ ਇਸ ਤੋਂ ਪ੍ਰੇਸ਼ਾਨ ਹੋ ਕੇ ਅਪਣੀ ਸਰਕਾਰ ਵਿਰੁਧ ਟਵੀਟ ਕਰ ਕੇ ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਸੀ। ਇਸ ਨਾਲ ਹੀ ਤਿਵਾੜੀ ਨੇ ਅਪਣੀ ਪਾਰਟੀ ਦੀ ਕਾਰਜਕਾਰੀ ’ਤੇ ਵੀ ਸਵਾਲ ਚੁਕਿਆ ਸੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵਿਚ ਵੀ ਲਗਾਤਾਰ ਕਾਟੋ ਕਲੇਸ਼ ਜਾਰੀ ਹੈ। ਆਮ ਆਦਮੀ ਪਾਰਟੀ ਦੇ ਦਸ ਦੇ ਕਰੀਬ ਐਮਐਲਏ ‘ਆਪ’ ਨੂੰ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹਿਆਂ ਕੰਮ ਕਰ ਰਹੇ ਕਈ ਛੋਟੇ ਲੀਡਰ ਵੀ ‘ਆਪ’ ਛੱਡ ਕਾਂਗਰਸ ਜਾਂ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਅਸਲੀ ਤਾਕਤ ਉਸ ਸਮੇਂ ਸਾਹਮਣੇ ਆਵੇਗੀ ਜਦੋਂ ਉਹ ਅਪਣਾ ਸੀਐਮ ਚਿਹਰਾ ਅਨਾਊਂਸ ਕਰ ਦੇਣਗੇ।   
ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਦ ਤੋਂ ਬੀਜੇਪੀ ਦਾ ਸਾਥ ਛਡਿਆ ਹੈ ਉਦੋਂ ਤੋਂ ਹੀ ਅਕਾਲੀ ਦਲ ਦਾ ਗਰਾਫ਼ ਕੱੁਝ ਹੇਠਾਂ ਆਇਆ ਹੈ। ਪਿਛਲੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਜਾਣ ਕਾਰਨ ਅਕਾਲੀ ਦਲ ਦਾ ਗ੍ਰਾਫ਼ ਹੇਠਾਂ ਆਇਆ ਹੈ। ਪਰ ਆਉਣ ਵਾਲੇ ਸਮੇਂ ਦਾ ਕੁੱਝ ਨਹੀਂ ਪਤਾ।