ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਦੀ ਸਾਜ਼ਸ਼ ਬੇਨਕਾਬ ਕਰਨ ਦਾ ਕੀਤਾ ਦਾਅਵਾ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਦੀ ਸਾਜ਼ਸ਼ ਬੇਨਕਾਬ ਕਰਨ ਦਾ ਕੀਤਾ ਦਾਅਵਾ

image

ਚੰਡੀਗੜ੍ਹ, 5 ਦਸੰਬਰ (ਨਰਿੰਦਰ ਸਿੰਘ ਝਾਂਮਪੁਰ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਯਤਨ ਕਰਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਸ਼ ਰਚੀ ਹੈ ਤੇ ਇਸ ਵਾਸਤੇ ਉਨ੍ਹਾਂ ਵਿਰੁਧ ਇਕ ਮਨਘੜਤ ਬਿਆਨ ਧਾਰਾ 164 ਸੀ ਆਰ ਪੀ ਸੀ ਵਿਚ ਦਰਜ ਕਰਵਾਇਆ ਜਾ ਰਿਹਾ ਹੈ ਤੇ ਇਸ ਯੋਜਨਾ ਨੁੰ ਸਿਰੇ ਚੜ੍ਹਾਉਣ ਲਈ ਕਲ ਦਿੱਲੀ ਏਅਰਪੋਰਟ ਦੇ ਟੀ 4 ਲੋਂਜ ਵਿਚ ਇਕ ਮੀਟਿੰਗ ਵੀ ਕੀਤੀ ਗਈ ਹੈ।
ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਸਾਜ਼ਸ਼ ਦਾ ਪੱਧਰ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬੇ ਦੇ ਸਰਕਾਰੀ ਹੈਲੀਕਾਪਟਰ ਵਿਚ ਦਿੱਲੀ ਰਵਾਨਾ ਹੋਏ ਤੇ ਉਨ੍ਹਾਂ ਨਾਲ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ, ਡੀ ਜੀ ਪੀ ਆਈ ਪੀ ਐਸ ਸਹੋਤਾ, ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਐਸ ਕੇ ਅਸਥਾਨਾ ਵੀ ਸਨ।  ਇਨ੍ਹਾਂ ਦੀ ਟੀ 4 ਟਰਮਿਨਲ ਲੋਂਜ ਵਿਖੇ ਮੀਟਿੰਗ ਹੋਈ ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਮਿਲੀਆਂ ਹਦਾਇਤਾਂ ਤੋਂ ਇਨ੍ਹਾਂ ਨੂੰ ਜਾਣੂ ਕਰਵਾਇਆ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਤੁਲੀ ਹੈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਬਦਲਾਖੋਰੀ ਦੀ ਰਾਜਨੀਤੀ ਤੋਂ ਅਕਾਲੀ ਦਲ ਕਿਸੇ ਵੀ ਤਰੀਕੇ ਡਰਨ ਵਾਲਾ ਨਹੀਂ ਹੈ। 
ਐਸਏਐਸ-ਨਰਿੰਦਰ-5-3