ਗੈਂਗਸਟਰ ਕਲਚਰ ਦੇ ਦਾਗ ਤੋਂ ਰਹਿਤ ਨਹੀਂ ਹੈ ਪੰਜਾਬ ਦੀ ਕੋਈ ਸਿਆਸੀ ਪਾਰਟੀ
2008 ਤੋਂ ਬਾਅਦ ਨੌਜਵਾਨਾਂ ਵਿਚ ਫੈਸ਼ਨ ਬਣਿਆ ਗੈਂਗਸਟਰ ਸੱਭਿਆਚਾਰ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਵਿਚ ਗੈਂਗਸਟਰ ਕਲਚਰ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਪੰਜਾਬ ਵਿਚ ਗੈਂਗਸਟਰ ਕਲਚਰ ਦਾ ਬੀਜ ਸਾਲ 2008 ਤੋਂ ਬੀਜਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਇਹ ਸੱਭਿਆਚਾਰ ਇਕ ਫੈਸ਼ਨ ਵਾਂਗ ਇੱਥੋਂ ਦੇ ਨੌਜਵਾਨਾਂ 'ਚ ਮਸ਼ਹੂਰ ਹੋ ਗਿਆ। ਪਿਛਲੇ ਡੇਢ ਦਹਾਕੇ ਤੋਂ ਪੰਜਾਬ ਵਿਚ ਗੈਂਗਸਟਰਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਇਹ ਗੈਂਗ ਫਿਰੌਤੀ ਤੋਂ ਲੈ ਕੇ ਲੁੱਟ-ਖੋਹ ਤੱਕ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਪਿਛਲੇ ਲੰਮੇ ਸਮੇਂ ਤੋਂ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਦਬੰਗ ਨੌਜਵਾਨਾਂ ਦਾ ਸਾਥ ਲੈ ਰਹੀਆਂ ਹਨ। ਪਹਿਲਾਂ ਆਗੂ ਆਪਣੇ ਸਿਆਸੀ ਕੈਰੀਅਰ ਨੂੰ ਚਮਕਾਉਣ ਲਈ ਗੁਰਗਿਆਂ ਦੀ ਵਰਤੋਂ ਕਰਦੇ ਸਨ। ਗੈਂਗਸਟਰ ਸਿਆਸਤਦਾਨਾਂ ਦੇ ਗਠਜੋੜ ਦੀ ਜਾਂਚ ਕਰਨ ਵਾਲੇ ਸਾਬਕਾ ਆਈਜੀ ਕੁੰਵਰ ਵਿਜੇ ਦੀ ਜਾਂਚ ਦੀ ਰਿਪੋਰਟ ਨੂੰ ਲੈ ਕੇ ਸੱਤਾ ਦੇ ਗਲਿਆਰਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਗੈਂਗਸਟਰਾਂ ਦੇ ਦਾਗ ਤੋਂ ਰਹਿਤ ਨਹੀਂ ਹੈ।
ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਉਹ ਖ਼ੁਦ ਸਿਆਸਤਦਾਨਾਂ ਦੇ ਚੁੰਗਲ ਵਿਚ ਫਸਿਆ ਹੋਇਆ ਸੀ, ਜੋ ਲੋਕਾਂ ਨੂੰ ਡਰਾਉਣ ਅਤੇ ਚੋਣਾਂ ਵਿਚ ਮਦਦ ਲਈ ਉਸ ਦੀ ਵਰਤੋਂ ਕਰਦੇ ਸਨ। ਲੱਖਾ ਸਿਧਾਣਾ ਹੁਣ ਅਪਰਾਧ ਜਗਤ ਨੂੰ ਅਲਵਿਦਾ ਕਹਿ ਚੁੱਕੇ ਹਨ। ਗੈਂਗਸਟਰ ਕਲਚਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਕਈ ਖਿਡਾਰੀ ਵੀ ਇਸ ਦਾ ਹਿੱਸਾ ਬਣ ਗਏ।
ਗੈਂਗਸਟਰ ਰੌਕੀ
ਫਾਜ਼ਿਲਕਾ ਵਿਚ 1971 ਵਿਚ ਪੈਦਾ ਹੋਇਆ ਜਸਵਿੰਦਰ ਸਿੰਘ ਰੌਕੀ ਹੈਮਰ ਥਰੋ ਦਾ ਖਿਡਾਰੀ ਸੀ। ਰੌਕੀ ਖ਼ਿਲਾਫ਼ 1994 ਤੋਂ 2016 ਤੱਕ ਹੱਤਿਆ, ਹੱਤਿਆ ਦੀ ਸਾਜ਼ਿਸ਼, ਕਿਡਨੈਪਿੰਗ ਆਦਿ ਕਈ ਗੰਭੀਰ ਮਾਮਲਿਆਂ ਵਿਚ 22 ਮਾਮਲੇ ਦਰਜ ਸਨ। ਗੈਂਗਸਟਰ ਰੌਕੀ ਦੀ 2016 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੌਕੀ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਭਾਜਪਾ ਸੂਬਾ ਜਨਰਲ ਸਕੱਤਰ ਸੰਦੀਪ ਰਿਣਵਾ, ਕਾਂਗਰਸੀ ਆਗੂ ਮਲਕੀਤ ਹੀਰਾ ਪਹੁੰਚੇ ਸਨ।
ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ
ਜਨਵਰੀ 2015 ਵਿਚ ਨੈਸ਼ਨਲ ਹਾਈਵੇਅ 'ਤੇ ਫਗਵਾੜਾ ਨੇੜੇ ਸੁੱਖਾ ਕਾਹਲੋਂ ਨੂੰ 8 ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਗੋਲੀਆਂ ਨਾਲ ਭੁੰਨਿਆ ਗਿਆ। ਉਹਨਾਂ ਨੇ ਲਾਸ਼ ਦੇ ਸਾਹਮਣੇ ਭੰਗੜਾ ਪਾਇਆ। 2018 ਵਿਚ ਪੁਲਿਸ ਮੁਕਾਬਲੇ ਦੌਰਾਨ ਦੋਹਾਂ ਨੂੰ ਮਾਰ ਦਿੱਤਾ ਗਿਆ। ਅਕਸਰ ਕਿਹਾ ਜਾਂਦਾ ਰਿਹਾ ਕਿ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਕਾਂਗਰਸ ਦੇ ਇਕ ਮੰਤਰੀ ਦੀ ਸ਼ਹਿ ਸੀ।
ਜੱਗੂ ਭਗਵਾਨਪੁਰੀਆ
ਖ਼ਬਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਜੱਗੂ ਭਗਵਾਨਪੁਰੀਆ ਨੂੰ ਮਾਝੇ ਦੇ ਅਕਾਲੀ ਆਗੂ ਦਾ ਸਮਰਥਨ ਰਿਹਾ ਹੈ।
ਯੂਥ ਅਕਾਲੀ ਆਗੂ ਵਿੱਕੀ ਮਿੱਢੂਖੇੜਾ
ਮੀਡੀਆ ਰਿਪੋਰਟਾਂ ਅਨੁਸਾਰ ਯੂਥ ਅਕਾਲੀ ਆਗੂ ਵਿੱਕੀ ਮਿੱਢੂਖੇੜਾ ਦੀ ਸਾਂਝ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸਾਂਝ ਸੀ। ਇਹੀ ਕਾਰਨ ਸੀ ਕਿ ਬੰਬੀਹਾ ਗਰੁੱਪ ਦੇ ਬਦਮਾਸ਼ਾਂ ਨੇ ਉਸ ਦੀ ਹੱਤਿਆ ਕਰ ਦਿੱਤੀ।
ਗੈਂਗਸਟਰ ਬਾਕਸਰ , ਲੇਖਾਰੀ ਅਤੇ ਸੋਨੂੰ
ਤਿੰਨ ਨਾਮੀ ਗੈਂਗਸਟਰ ਬਾਕਸਰ, ਲੇਖਾਰੀ ਅਤੇ ਸੋਨੂੰ ਕੰਗਲਾ ਦੀ ਮਦਦ ਕਈ ਦਿੱਗਜ ਅਕਾਲੀ ਅਤੇ ਕਾਂਗਰਸੀ ਆਗੂ ਕਰਦੇ ਰਹੇ ਹਨ। ਸੋਨੂੰ ਕੰਗਲਾ ਦੀ ਮਾਂ ਕੌਂਸਲਰ ਰਹਿ ਚੁੱਕੀ ਹੈ।
ਰਵੀ ਦਿਓਲ
2018 ਵਿਚ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਪੇਸ਼ੀ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਦੇ ਓਐਸਡੀ ਅਤੇ ਇਕ ਨੌਜਵਾਨ ਆਗੂ ’ਤੇ ਗੈਂਗਸਟਰ ਬਣਾਉਣ ਦਾ ਇਲਜ਼ਾਮ ਲਗਾਇਆ ਸੀ।
ਗੁਰਲਾਲ ਬਰਾੜ
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਭਰਾ ਅਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੁਰਲਾਲ ਬਰਾੜ ਦਾ ਸਿਆਸੀ ਕਨੈਕਸ਼ਨ ਵੀ ਕਾਫੀ ਮਜ਼ਬੂਤ ਰਿਹਾ ਹੈ।