Chandigarh News: ਮਿਲਕ ਪਲਾਂਟ ਦਾ ਮੈਨੇਜਰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਸਬੰਧੀ ਪਹਿਲਾਂ ਹੀ 50,000 ਰੁਪਏ ਲੈ ਚੁੱਕਾ ਹੈ
Chandigarh: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਮੰਗਲਵਾਰ ਨੂੰ ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮ ਵਿਰੁੱਧ ਇਹ ਕੇਸ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜੋ ਕਿ ਉਕਤ ਮਿਲਕ ਪਲਾਂਟ ਵਿਚ ਇੱਕ ਨਿੱਜੀ ਫਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਭਾਲ ਕਰਦਾ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਾਜ਼ਮ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਸਬੰਧੀ ਪਹਿਲਾਂ ਹੀ 50,000 ਰੁਪਏ ਲੈ ਚੁੱਕਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਯੂਨਿਟ ਮੋਹਾਲੀ ਨੇ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਉਕਤ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਪਰੋਕਤ ਮੁਲਾਜ਼ਮ ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
(For more news apart from vigilance caught manager with bribe, stay tuned to Rozana Spokesman)