ਜਗਰਾਓਂ ਦੇ ਪਿੰਡ ਕੋਕੇਂ ਕਲਾਂ ’ਚ ਇੱਕ ਗੁੱਟ ਦੇ ਨੌਜਵਾਨਾਂ ਨੇ ਦੂਜੇ ਗੁੱਟ ਦੇ ਨੌਜਵਾਨਾਂ ’ਤੇ ਚਲਾਈਆਂ ਗੋਲੀਆਂ
ਹਮਲੇ ’ਚ ਇੱਕ ਨੌਜਵਾਨ ਜ਼ਖਮੀ, ਪੁਲਿਸ ਵੱਲੋਂ ਜਾਂਚ ਜਾਰੀ
ਜਗਰਾਓਂ: ਬੀਤੀ ਦੇਰ ਰਾਤ ਜਗਰਾਓਂ ਦੇ ਪਿੰਡ ਕੋਕੇਂ ਕਲਾਂ ਵਿੱਚ ਬਾਬਾ ਰੋਡੂ ਜੀ ਦੇ ਸਥਾਨ ’ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਗੁੱਟ ’ਤੇ ਦੂਜੇ ਗੁੱਟ ਦੇ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਦੇ ਚਲਦੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਵਿੱਚ ਫਰਾਰ ਹੀ ਗਏ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ, ਜਿਥੋਂ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੇ ਕੱਲ ਲੁਧਿਆਣਾ ਕੋਰਟ ਵਿਚ ਦੋ ਗਰੁੱਪਾਂ ਦੇ ਨੌਜਵਾਨਾਂ ਦੀ ਤਰੀਕ ਸੀ ਤੇ ਉਥੇ ਹੀ ਇਨ੍ਹਾਂ ਦੋਵੇਂ ਗਰੁੱਪਾਂ ਦੀ ਆਪਸ ਵਿੱਚ ਬਹਿਸ ਹੋਈ ਸੀ ਤੇ ਇਹੀ ਬਹਿਸ ਦਾ ਨਤੀਜਾ ਕੱਲ ਰਾਤ ਇਕ ਗਰੁੱਪ ਵਲੋਂ ਦੂਜੇ ਗਰੁੱਪ ’ਤੇ ਗੋਲੀਆਂ ਚਲਾਉਣ ਦੇ ਰੂਪ ਵਿਚ ਸਾਹਮਣੇ ਆਇਆ।
ਹਾਲਾਂਕਿ ਜ਼ਖਮੀ ਨੌਜਵਾਨ ਪੂਰੀ ਹੋਸ਼ ਵਿੱਚ ਸੀ ਤੇ ਗੋਲੀ ਉਸ ਦੇ ਮੋਢੇ ਦੇ ਪਿਛਲੇ ਪਾਸੇ ਲੱਗੀ ਸੀ। ਇਸ ਮੌਕੇ ਜ਼ਖਮੀ ਨੌਜਵਾਨ ਲਵਕਰਨ ਸਿੰਘ ਨੇ ਕਿਹਾ ਕਿ ਉਹ ਬਾਬਾ ਰੋਡੂ ਜੀ ਦੇ ਸਥਾਨ ’ਤੇ ਮੱਥਾ ਟੇਕਣ ਆਇਆ ਸੀ ਤੇ ਜਦੋਂ ਉਹ ਵਾਪਸ ਜਾਣ ਲੱਗਿਆ ਤਾਂ ਸਕਾਰਪੀਓ ’ਤੇ ਕੁਝ ਨੌਜਵਾਨਾਂ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ, ਜੋ ਗੱਡੀ ’ਤੇ ਵੱਜੀਆਂ ਅਤੇ ਇਕ ਗੋਲੀ ਉਸ ਦੇ ਵੱਜੀ।
ਇਸ ਮੌਕੇ ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਤੇ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।