ਦਸਤਾਰ ਅਪਮਾਨ ਮਾਮਲੇ 'ਤੇ ਜਥੇਦਾਰ ਵੱਲੋਂ ਸਖ਼ਤ ਪ੍ਰਤੀਕ੍ਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸਤਾਰ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼, ਇਸ 'ਤੇ ਅਪਸ਼ਬਦ ਬੋਲਣਾ ਮੰਦਭਾਗਾ: ਗਿਆਨੀ ਕੁਲਦੀਪ ਸਿੰਘ ਗੜਗੱਜ

Jathedar's strong response to turban insult case

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਅਪਮਾਨ ਮਾਮਲੇ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਘਟਨਾ ਦੌਰਾਨ ਪੱਗਾਂ ਲੁੱਹ ਜਾਣ ਦੀ ਗੱਲ ਨੂੰ ਸਿਆਸੀ ਟਕਰਾਅ ਤੱਕ ਤਾਂ ਸਮਝਿਆ ਜਾ ਸਕਦਾ ਹੈ, ਪਰ ਕਿਸੇ ਆਗੂ ਵੱਲੋਂ ਦਸਤਾਰ ਬਾਰੇ ਘੱਟੀਆ ਬਿਆਨਬਾਜ਼ੀ ਬਿਲਕੁਲ ਅਸਵੀਕਾਰਯੋਗ ਹੈ।

ਉਨ੍ਹਾਂ ਕਿਹਾ ਕਿ ਦਸਤਾਰ ਸਾਡੀ ਸਿਰਫ ਬੇਅੰਤ ਧਾਰਮਿਕ ਨਿਸ਼ਾਨੀ ਹੀ ਨਹੀਂ, ਸਗੋਂ ਗੁਰੂ ਪਾਤਸ਼ਾਹ ਵੱਲੋਂ ਬਖ਼ਸ਼ੀ ਸ਼ਹਿਨਸ਼ਾਹੀ ਹੈ। “ਗੁਰਬਾਣੀ ਵਿੱਚ ਸਪੱਸ਼ਟ ਹੈ—ਸਾਬਤ ਸੂਰਤ ਦਸਤਾਰ ਸਿਰਾ। ਇਸ ਦਸਤਾਰ ਦੇ ਬਾਰੇ ਕਿੱਲਾਂ, ਫੂਕੀਆਂ ਜਾਂ ਹੋਰ ਅਪਸ਼ਬਦ ਬੋਲਣਾ ਬਹੁਤ ਹੀ ਮੰਦਭਾਗਾ ਹੈ,” ਗੜਗੱਜ ਨੇ ਕਿਹਾ।

ਜਥੇਦਾਰ ਨੇ ਸਾਫ਼ ਕਿਹਾ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿਤਾ ਹੈ, ਉਹ ਸ਼ਾਇਦ ਦਸਤਾਰ ਦੀ ਮਹੱਤਾ ਤੋਂ ਬਿਲਕੁਲ ਅਣਜਾਣ ਹੈ। “ਜਿਸਨੇ ਕਦੇ ਦਸਤਾਰ ਸਜਾਈ ਹੋਵੇ, ਜਿਸਨੂੰ ਗੁਰੂ ਦੀ ਰਵਾਇਤ ਅਤੇ ਸਿੱਖ ਇਤਿਹਾਸ ਦਾ ਗਿਆਨ ਹੋਵੇ, ਉਹ ਕਦੇ ਵੀ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕਦਾ। ਇਹ ਨਿੰਦਣਯੋਗ ਵਰਤਾਰਾ ਹੈ,” ਉਨ੍ਹਾਂ ਕਿਹਾ।

ਉਨ੍ਹਾਂ ਦੱਸਿਆ ਕਿ ਸੰਗਤ ਵਿੱਚ ਇਸ ਮਾਮਲੇ ‘ਤੇ ਵੱਡਾ ਰੋਸ ਹੈ ਅਤੇ ਇਹ ਆਮ ਸਿਆਸੀ ਬਿਆਨਬਾਜ਼ੀ ਨਹੀਂ ਸਮਝੀ ਜਾ ਸਕਦੀ। “ਮੁਲਕ ਦੀ ਆਜ਼ਾਦੀ ਤੋਂ ਲੈ ਕੇ ਸਰਹੱਦਾਂ ਦੀ ਰੱਖਿਆ ਤੱਕ—ਦਸਤਾਰਧਾਰੀ ਸਿੱਖਾਂ ਦਾ ਯੋਗਦਾਨ ਬੇਮਿਸਾਲ ਹੈ। ਅਜਿਹੇ ਵਿੱਚ ਦਸਤਾਰ ਦੀ ਬੇਅਦਬੀ ਸਾਰੀ ਕੌਮ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੀ ਹੈ,” ਜਥੇਦਾਰ ਨੇ ਕਿਹਾ।

ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਆਉਂਦੀ-ਜਾਂਦੀ ਰਹਿੰਦੀ ਹੈ, ਪਰ ਦਸਤਾਰ ਦੀ ਸ਼ਾਨ ਸਦਾ ਕਾਇਮ ਰਹਿਣੀ ਚਾਹੀਦੀ ਹੈ। “ਇਲੈਕਸ਼ਨ ਦੇ ਮਾਹੌਲ ਵਿੱਚ ਵੀ ਇਹ ਚੇਤਾ ਰਹਿਣਾ ਚਾਹੀਦਾ ਹੈ ਕਿ ਵੋਟਾਂ ਮਿਲਣ–ਨਾ ਮਿਲਣ ਦੂਜੀ ਗੱਲ ਹੈ, ਪਰ ਗੁਰੂ ਦੀ ਦਸਤਾਰ ਦੀ ਬੇਇਜ਼ਤੀ ਕਦੇ ਬਰਦਾਸ਼ਤ ਨਹੀਂ,” ਉਨ੍ਹਾਂ ਕਿਹਾ।

ਅੰਤ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਬਿਆਨ ਬਾਰੇ ਸਮੁੱਚੇ ਪੰਥ ਅੱਗੇ ਉਸ ਐਮਐਲਏ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਤਾਂ ਜੋ ਅਗਲੇ ਸਮੇਂ ਕੌਮੀ ਨਿਸ਼ਾਨੀਆਂ ਬਾਰੇ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ।