ਵਿਧਾਇਕ ਡੇਰਾ ਬਾਬਾ ਨਾਨਕ ਨੇ ਸਿੱਖ ਦੀ ਸ਼ਾਨ ਦਸਤਾਰਾਂ ਦੀ ਕੀਤੀ ਬੇਅਦਬੀ: ਸੁਖਜਿੰਦਰ ਸਿੰਘ ਰੰਧਾਵਾ
ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਦੱਸੀ ਸਾਰੀ ਗੱਲ
ਅੰਮ੍ਰਿਤਸਰ: ਪੰਜਾਬ ਵਿੱਚ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਹੋਈਆਂ ਧਾਂਦਲੀਆਂ ਦੀ ਉਸ ਵਕਤ ਸੀਮਾ ਹੀ ਪਾਰ ਹੋ ਗਈ ਜਦ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਚੇਲਿਆਂ ਨੇ ਧੱਕੇਸ਼ਾਹੀ ਉਪਰੰਤ ਸਿੱਖਾਂ ਦੀ ਮਾਣ ਮਰਿਆਦਾ ਨੂੰ ਭਾਰੀ ਠੇਸ ਪਹੁੰਚਾਈ, ਜਦ ਸਿੱਖਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਤੇ ਗੰਦੀਆਂ ਗਾਲਾਂ ਕੱਢੀਆਂ। ਇਸ ਦੀ ਕਵਰਿੰਗ ਕਰਨ ਮੌਕੇ ਮੀਡੀਆ ਵਿੱਚ ਹਲਕਾ ਵਿਧਾਇਕ ਨੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਕਿਹਾ ਕਿ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਹਨ ਇਹ ਲੱਥਦੀਆਂ ਵੀ ਰਹਿੰਦੀਆਂ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਮਿਲ ਕੇ ਲਿਖਤੀ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਦਸਤਾਰ ਦੀ ਬੇਹੁਰਮਤੀ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਗੁਰਦੀਪ ਸਿੰਘ ਰੰਧਾਵਾ ਵਿਰੁੱਧ ਸਿੱਖ ਪ੍ਰੰਪਰਾ ਤੇ ਮਰਿਯਾਦਾ ਅਨੁਸਾਰ ਤੁਰੰਤ ਢੁੱਕਵੀਂ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਤੇ ਊਦੈਵੀਰ ਰੰਧਾਵਾ ਵੀ ਨਾਲ ਸਨ।