ਆਰਗੈਨਿਕ ਖੇਤੀ ਦੇ ਨਾਮ ’ਤੇ ਕਈ 100 ਕਰੋੜ ਦਾ ਘਪਲਾ: ਖੰਨਾ ਪੁਲਿਸ ਵਲੋਂ 10 ਹੋਰ ਲੋਕਾਂ ਖਿਲਾਫ ਮੁਕੱਦਮਾ ਦਰਜ
ਜਾਂਚ ’ਚ ਰੋਜ਼ ਨਵੀਆਂ ਪਰਤਾਂ ਖੁਲ੍ਹ ਰਹੀਆਂ
ਖੰਨਾ: ਆਰਗੈਨਿਕ ਖੇਤੀ ਦੇ ਨਾਮ ’ਤੇ ਚੱਲ ਰਹੇ ਕਈ ਸੌ ਕਰੋੜ ਰੁਪਏ ਦੇ ਘਪਲੇ ਨੇ ਪੰਜਾਬ ਹੀ ਨਹੀਂ, ਸਗੋਂ ਕਈ ਹੋਰ ਰਾਜਾਂ ਦੀਆਂ ਏਜੰਸੀਆਂ ਨੂੰ ਵੀ ਸਾਵਧਾਨ ਕਰ ਦਿੱਤਾ ਹੈ। ਖੰਨਾ ਪੁਲਿਸ ਨੇ ਇਸ ਮਾਮਲੇ ’ਚ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ 10 ਹੋਰ ਲੋਕਾਂ ਖ਼ਿਲਾਫ ਨਵਾਂ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ, ਜਿਸ ਦੀ ਜਾਂਚ ਦਰਮਿਆਨ ਲਗਾਤਾਰ ਨਵੀਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ ਅਤੇ ਧੋਖਾਧੜੀ ਦਾ ਅੰਕੜਾ ਕਈ ਸੌ ਕਰੋੜ ਤੱਕ ਪਹੁੰਚ ਰਿਹਾ ਹੈ।
ਖੰਨਾ ਪੁਲਿਸ ਦੇ ਅਨੁਸਾਰ ਨਵਾਂ ਮੁਕੱਦਮਾ ਡਾ. ਮਨਪ੍ਰੀਤ ਸਿੰਘ ਵਾਸੀ 17-ਏ, ਫਰੇਡਜ਼ ਕਾਲੋਨੀ, ਇਨਕਲੇਵ ਜੀਰਕਪੁਰ (ਐਸਏਐਸ ਨਗਰ) ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤ ਅਨੁਸਾਰ, ਆਰਗੈਨਿਕ ਖੇਤੀ ਦੇ ਨਾਂ ’ਤੇ 29,70,000 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਹ ਧੋਖਾਧੜੀ ਕਈ ਲੋਕਾਂ ਵੱਲੋਂ ਮਿਲ ਕੇ ਇੱਕ ਸੰਗਠਿਤ ਢੰਗ ਨਾਲ ਕੀਤੀ ਗਈ। ਮਾਮਲੇ ਵਿੱਚ ਜਿਨ੍ਹਾਂ ਲੋਕਾਂ ਖ਼ਿਲਾਫ ਨਵਾਂ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਰੀ ਓਮ ਸੈਣੀ ਵਾਸੀ ਡਾਡੋਲਾ ਜਿਲ੍ਹਾ ਪਾਣੀਪਤ, ਬਿਕਰਮਜੀਤ ਸਿੰਘ (ਮਾਲਕ — ਜਨਰੇਸ਼ਨ ਆਫ ਫਾਰਮਿੰਗ) ਵਾਸੀ ਪਿੰਡ ਗਹਿਲੇਵਾਲ ਜਿਲ੍ਹਾ ਲੁਧਿਆਣਾ, ਜਸਪ੍ਰੀਤ ਸਿੰਘ ਵਾਸੀ ਜਲਣਪੁਰ, ਪਰਵਿੰਦਰ ਸਿੰਘ ਅਤੇ ਬਾਬਰ ਸਿੰਘ ਵਾਸੀ ਪਿੰਡ ਬੈਣਾਂ ਬੁਲੰਦ ਜਿਲ੍ਹਾ ਫਤਿਹਗੜ੍ਹ ਸਾਹਿਬ, ਨਵੀਨ ਬੌਸ਼ ਵਾਸੀ ਸੋਨੀਪਤ (ਗਲੋਬਲ ਹੈਡ), ਅਵਤਾਰ ਸਿੰਘ ਕੰਗ ਵਾਸੀ ਖੀਰਨੀਆ, ਅਮਿਤ ਖੁੱਲਰ ਵਾਸੀ ਫਿਰੋਜ਼ਪੁਰ, ਸਤਵਿੰਦਰ ਸਰਮਾ ਉਰਫ ਸੋਨਾ ਵਾਸੀ ਭੱਦਲਧੂਹਾ ਅਤੇ ਦਲਵੀਰ ਸਿੰਘ ਵਾਸੀ ਗਹਿਲੇਵਾਲ ਸ਼ਾਮਿਲ ਹਨ। ਜਾਂਚ ਅਨੁਸਾਰ, ਬਿਕਰਮਜੀਤ ਸਿੰਘ ਅਤੇ ਇਸਦੇ ਸਾਥੀ ਕਾਫੀ ਲੰਬੇ ਸਮੇਂ ਤੋਂ ਸੰਗਠਿਤ ਢੰਗ ਨਾਲ ਭੋਲੇ-ਭਾਲੇ ਲੋਕਾਂ ਨੂੰ ਵਧੀਆ ਆਮਦਨ ਦਾ ਲਾਲਚ ਦੇ ਕੇ ਆਪਣੇ ਵੱਖ-ਵੱਖ ਫਰਮਾਂ ਦੇ ਖਾਤਿਆਂ ਵਿੱਚ ਪੈਸੇ ਲਗਵਾਉਂਦੇ ਸਨ।
ਲੋਕਾਂ ਨੂੰ ਆਰਗੈਨਿਕ ਖੇਤੀ ਦੇ ਨਾਂ ’ਤੇ ਵੱਡੇ ਮੁਨਾਫੇ ਦਿਖਾ ਕੇ ਉਨ੍ਹਾਂ ਨਾਲ ਠੱਗੀ ਕੀਤੀ ਜਾ ਰਹੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗਿਰੋ੍ਹ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿਚ ਆਪਣੇ ਨੈੱਟਵਰਕ ਰਾਹੀਂ ਲੋਕਾਂ ਨਾਲ ਆਰਥਿਕ ਅਪਰਾਧ ਕਰ ਰਿਹਾ ਸੀ। ਖੰਨਾ ਪੁਲਿਸ ਦਾ ਕਹਿਣਾ ਹੈ ਕਿ SIT ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ, ਕਿਉਂਕਿ ਕਈ ਸੌ ਕਰੋੜ ਦੇ ਲੈਣ-ਦੇਣ ਦੇ ਸਬੂਤ ਮਿਲ ਰਹੇ ਹਨ। ਅਧਿਕਾਰੀ ਮੰਨ ਰਹੇ ਹਨ ਕਿ ਇਹ ਘਪਲਾ ਆਪਣੇ ਆਕਾਰ ਅਤੇ ਕਾਰਗੁਜ਼ਾਰੀ ਦੇ ਮਾਮਲੇ ਵਿੱਚ ਰਾਜ ਦਾ ਇੱਕ ਸਭ ਤੋਂ ਵੱਡਾ ਆਰਥਿਕ ਅਪਰਾਧ ਬਣ ਸਕਦਾ ਹੈ। ਪੁਲਿਸ ਨੇ ਕਿਹਾ ਹੈ ਕਿ ਕਈ ਦੋਸ਼ੀ ਫੜੇ ਜਾ ਚੁੱਕੇ ਹਨ ਤੇ ਜੋ ਫਰਾਰ ਹਨ ਉਹਨਾਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਇਸ ਮਾਮਲੇ ਵਿੱਚ ਹੋਰ ਪੀੜਤਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ