ਬਾਦਲਾਂ ਦੀ ਆਰਬਿਟ ਨੇ ਪੰਜਾਬ ਰੋਡਵੇਜ਼ ਦੀ ਵੋਲਵੋ ਨੂੰ ਅਦਾਲਤੀ ਬਰੇਕਾਂ ਲਵਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਦੀ ਆਰਬਿਟ ਨੇ ਕਾਂਗਰਸ ਰਾਜ ਵਿਚ ਵੀ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਨੂੰ ਅਦਾਲਤੀ ਬਰੇਕਾਂ ਲਗਾ ਦਿਤੀਆਂ ਹਨ.......

Punjab Roadways

ਬਠਿੰਡਾ : ਬਾਦਲਾਂ ਦੀ ਆਰਬਿਟ ਨੇ ਕਾਂਗਰਸ ਰਾਜ ਵਿਚ ਵੀ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਨੂੰ ਅਦਾਲਤੀ ਬਰੇਕਾਂ ਲਗਾ ਦਿਤੀਆਂ ਹਨ। ਮਲੋਟ ਤੋਂ ਚੰਡੀਗੜ੍ਹ ਵਾਇਆ ਗਿੱਦੜਬਾਹਾ, ਬਠਿੰਡਾ, ਬਰਨਾਲਾ ਤੇ ਪਟਿਆਲਾ ਚੱਲਣ ਵਾਲੀ ਇਸ ਸਰਕਾਰੀ ਸੁਪਰਇਟੈਗਲ ਵੋਲਵੋ ਬੱਸ ਨੂੰ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ 18 ਨਵੰਬਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੀ ਟ੍ਰਾਂਸਪੋਰਟ ਕੰਪਨੀ ਆਰਬਿਟ ਐਵੀਵੇਸ਼ਨ ਦੀਆਂ ਬਠਿੰਡਾ ਅਤੇ ਗੰਗਾਨਗਰ ਤੋਂ ਚਲਦੀਆਂ ਮਰਸੀਡੀਜ਼ ਬਸਾਂ ਦੇ ਅੱਗੇ ਇਹ ਸਰਕਾਰੀ ਵੋਲਵੋ ਬੱਸ ਸਵਾਰੀਆਂ ਚੁੱਕਦੀ ਸੀ।

ਇਸ ਬੱਸ ਦੇ ਟਾਈਮ ਟੇਬਲ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਟਕਰਾਅ ਵੀ ਹੋ ਚੁੱਕਾ ਹੈ। ਬਠਿੰਡਾ ਦੀ ਕੋਤਵਾਲੀ ਪੁਲਿਸ ਨੇ ਸਰਕਾਰੀ ਬੱਸ ਦੇ ਕੰਡਕਟਰ ਤੇ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ 'ਚ ਆਰਬਿਟ ਦੇ ਕਈ ਮੁਲਾਜ਼ਮਾਂ ਵਿਰੁਧ ਪਰਚਾ ਵੀ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਆਰਬਿਟ ਕੰਪਨੀ ਦੇ ਨੁਮਾਇੰਦਿਆਂ ਵਲੋਂ ਇਸ ਬੱਸ ਦੇ ਕਥਿਤ ਨਾਜਾਇਜ਼ ਟਾਈਮ ਟੇਬਲ ਦੇ ਮੁੱਦੇ ਨੂੰ ਲੈ ਕੇ ਕਈ ਵਾਰ ਪੰਜਾਬ ਰੋਡਵੇਜ ਤੇ ਬਠਿੰਡਾ ਸਥਿਤ ਅਧਿਕਾਰੀਆਂ ਨਾਲ ਦਲੀਲਬਾਜ਼ੀ ਕੀਤੀ ਸੀ।

ਪ੍ਰੰਤੂ ਸਰਕਾਰ ਬਦਲਣ ਦੇ ਚੱਲਦੇ ਗੱਲ ਨਾ ਬਣਦੀ ਦੇਖ ਕੰਪਨੀ ਵਲੋਂ ਪੰਜਾਬ ਰੋਡਵੇਜ ਨੂੰ ਜਾਰੀ ਇੰਟਰ ਸਟੇਟ ਪਰਮਿਟ 'ਤੇ ਹੀ ਸਵਾਲ ਚੁਕਦਿਆਂ ਇਹ ਮਾਮਲਾ ਹਾਈ ਕੋਰਟ ਲਿਜਾਇਆ ਗਿਆ ਸੀ। ਸੂਚਨਾ ਮੁਤਾਬਕ ਆਰਬਿਟ ਐਵੀਵੇਸ਼ਨ ਨੇ ਅਪਣੇ ਵਕੀਲ ਰਾਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਸਟੇਟ ਟ੍ਰਾਂਸਪੋਰਟ ਕਮਿਸ਼ਨਰ  ਪੰਜਾਬ ਵਲੋਂ ਨਿਯਮਾਂ ਤੋਂ ਬਾਹਰ ਜਾ ਕੇ ਇਸ ਵੋਲਵੋ ਬੱਸ ਨੂੰ ਪਰਮਿਟ ਜਾਰੀ ਕੀਤਾ ਗਿਆ ਹੈ, ਕਿਉਂਕਿ ਨਿਯਮਾਂ ਤਹਿਤ ਦੋਨਾਂ ਸਰਕਾਰਾਂ 'ਚ ਹੋਏ ਸਮਝੌਤੇ ਤਹਿਤ ਉਹ ਇਕੱਲੇ ਇਹ ਰੂਟ ਜਾਰੀ ਨਹੀਂ ਕਰ ਸਕਦੇ। 

ਫ਼ਰੀਦਕੋਟ ਆਰ.ਟੀ.ਏ. ਨੇ ਜਾਰੀ ਕੀਤਾ ਸੀ ਪਰਮਿਟ

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ 'ਤੇ ਫ਼ਰੀਦਕੋਟ ਡਿਵੀਜ਼ਨ ਦੇ ਆਰ.ਟੀ.ਏ ਦਫ਼ਤਰ ਵਲੋਂ ਗਿੱਦੜਵਹਾ ਤੋਂ ਚੰਡੀਗੜ੍ਹ ਤਕ ਦਾ ਪਰਮਿਟ ਨੰਬਰ 24/ਟੀ/18/ਏਸੀ ਜਾਰੀ ਕੀਤਾ ਗਿਆ ਸੀ। ਇਹ ਬੱਸ ਮਲੋਟ ਤੋਂ ਸਵੇਰੇ 3.55, ਗਿੱਦੜਵਹਾ ਤੋਂ 4.10 ਤੇ ਬਠਿੰਡਾ ਬੱਸ ਅੱਡੇ ਤੋਂ 4.50 'ਤੇ ਚੰਡੀਗੜ੍ਹ ਲਈ ਚੱਲਦੀ ਹੈ।

ਸੂਤਰਾਂ ਅਨੁਸਾਰ ਇਸ ਬੱਸ ਨੂੰ ਚਲਾਉਣ ਲਈ ਆਰ.ਟੀ.ਏ ਦਫ਼ਤਰ ਤੇ ਬਠਿੰਡਾ ਪੀਆਰਟੀਸੀ ਦੇ ਜਨਰਲ ਮੈਨੇਜ਼ਰ ਵਲੋਂ ਵੱਖ-ਵੱਖ ਸਟੇਜਾਂ ਤੋਂ ਟਾਈਮ ਟੇਬਲਾਂ ਵਿਚ ਐਡਜਸਮੈਂਟ ਕੀਤੀ ਗਈ ਸੀ। ਵੱਡੀ ਗੱਲ ਇਹ ਵੀ ਪਤਾ ਚਲਿਆ ਹੈ ਕਿ ਇਸ ਵੋਲਵੋ ਬੱਸ ਦਾ ਗਿੱਦੜਬਾਹਾ ਤੋਂ ਚੰਡੀਗੜ੍ਹ ਨੂੰ ਜਾਣ ਦਾ ਹੀ ਟਾਈਮ ਹੈ ਜਦੋਂ ਕਿ ਵਾਪਸੀ ਸਮੇਂ ਡਰਾਈਵਰ ਤੇ ਕੰਢਕਟਰ ਵਲੋਂ ਦੇਰ ਸ਼ਾਮ ਨੂੰ ਭਾਈਚਾਰਕ ਤੌਰ 'ਤੇ ਲਿਆਂਦੀ ਜਾ ਰਹੀ ਸੀ। 

ਪਰਮਿਟ ਸਹੀ, ਦਸਤਾਵੇਜ਼ ਕਰਾਂਗੇ ਅਦਾਲਤ 'ਚ ਪੇਸ਼ : ਜੀ.ਐਮ

ਉਧਰ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਹਾਈ ਕੋਰਟ ਦੇ ਹੁਕਮਾਂ 'ਤੇ ਇਸ ਬੱਸ ਨੂੰ ਰੋਕਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਸ਼ੁਰੂ ਕੀਤੀ ਵੋਲਵੋ ਬੱਸ ਦਾ ਪਰਮਿਟ ਜਾਇਜ਼ ਹੈ ਤੇ ਉਹ ਅਦਾਲਤ ਦੇ ਇਸ ਹੁਕਮ ਨੂੰ ਸੋਮਵਾਰ ਚੁਣੌਤੀ ਦੇਣ ਜਾ ਰਹੇ ਹਨ। ਪੰਜਾਬ ਰੋਡਵੇਜ਼ ਦੇ ਸ਼੍ਰੀ ਮੁਕਤਸਰ ਡਿੱਪੂ ਦੇ ਜਨਰਲ ਮੈਨੇਜ਼ਰ ਜਗਦੀਸ਼ ਸਿੰਘ ਨੇ ਦਸਿਆ ਕਿ ''ਬੱਸ ਨੂੰ ਜਾਰੀ ਅੰਤਰਰਾਜ਼ੀ ਪਰਮਿਟ 'ਤੇ ਯੂ.ਟੀ. ਦੇ ਟ੍ਰਾਂਸਪੋਰਟ ਕਮਿਸ਼ਨਰ ਦੇ ਵੀ ਦਸਤਖ਼ਤ ਹੋਏ ਹਨ।''