ਫੂਲਕਾ ਤੋਂ ਬਾਅਦ ਸੁਖਪਾਲ ਖਹਿਰਾ ਨੇ ਦਿਤਾ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਐਡਵੋਕੇਟ ਐਚਐਸ ਫੂਲਕਾ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ...

Sukhpal Singh Khaira

ਚੰਡੀਗੜ੍ਹ : ਸੀਨੀਅਰ ਐਡਵੋਕੇਟ ਐਚਐਸ ਫੂਲਕਾ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਤੋਂ ਅਸ‍ਤੀਫ਼ਾ ਦੇ ਦਿਤਾ ਹੈ। ਖਹਿਰਾ ਨੇ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ। ਦੱਸ ਦਈਏ  ਕਿ ਸੁਖਪਾਲ ਖਹਿਰਾ ਨੇ ‘ਆਪ’ ਲੀਡਰਸ਼ਿਪ ਦੇ ਖਿਲਾਫ਼ ਬਗਾਵਤ ਕਰ ਦਿਤੀ ਸੀ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਖਹਿਰਾ ਨੇ ਸੱਤ ਵਿਧਾਇਕਾਂ ਦੇ ਨਾਲ ‘ਆਪ’ ਲੀਡਰਸ਼ਿਪ ਦੇ ਖਿਲਾਫ਼ ਸੰ‍ਮੇਲਨ ਆਯੋਜਿਤ ਕਰ ਕੇ ਦਿੱਲੀ ਦੇ ਨੇਤਾਵਾਂ ਦੇ ਖਿਲਾਫ਼ ਬਗਾਵਤ ਕਰ ਦਿਤੀ ਸੀ।

ਲੋਕਸਭਾ ਚੋਣਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਖਹਿਰਾ ਨੇ ਐਤਵਾਰ ਨੂੰ ‘ਆਪ’ ਤੋਂ ਅਸ‍ਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਅਜੇ ਸ‍ਪੱਸ਼ਟ ਨਹੀਂ ਹੈ ਕਿ ਖਹਿਰਾ ਦਾ ਸਾਥ ਦੇ ਰਹੇ ਕੰਵਰ ਸੰਧੂ ਸਮੇਤ ਸੱਤ ਵਿਧਾਇਕਾਂ ਦਾ ਕੀ ਫ਼ੈਸਲਾ ਹੋਵੇਗਾ। ਖਹਿਰਾ ਨੇ ਅਪਣਾ ਅਸ‍ਤੀਫ਼ਾ ਪਾਰਟੀ ਲੀਡਰਸ਼ਿਪ ਨੂੰ ਭੇਜ ਦਿਤਾ ਹੈ। ਦੋ ਦਿਨ ਪਹਿਲਾਂ ਐਚਐਸ ਫੂਲਕਾ ਨੇ ‘ਆਪ’ ਨੂੰ ਅਸ‍ਤੀਫ਼ਾ ਦੇ ਦਿਤਾ ਸੀ।

ਫੂਲਕਾ ਨੇ ‘ਆਪ’ ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀਰਵਾਰ ਦਾ ਪਾਰਟੀ ਤੋਂ ਅਪਣਾ ਅਸਤੀਫ਼ਾ ਸੌਂਪਿਆ ਸੀ। ਖਹਿਰਾ ਅਤੇ ਫੂਲਕਾ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿਚ ‘ਆਪ’ ਵਿਧਾਇਕਾਂ ਦੀ ਗਿਣਤੀ 18 ਰਹਿ ਗਈ ਹੈ। ਖਹਿਰਾ ਨੇ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ।

ਇਹ ਹੀ ਨਹੀਂ ਖਹਿਰਾ ਨੇ ਅਪਣੇ ਪੱਤਰ ਵਿਚ ਇਹ ਵੀ ਕਿਹਾ ਕਿ ਅੰਨਾ ਹਜ਼ਾਰੇ ਮੂਵਮੈਂਟ ਤੋਂ ਨਿਕਲੀ ‘ਆਪ’ ਅਪਣੇ ਉਦੇਸ਼ਾਂ ਤੋਂ ਭਟਕ ਚੁੱਕੀ ਹੈ। ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਉਹ ‘ਆਪ’ ਨਾਲ ਜੁੜੇ ਸੀ। ਪੰਜਾਬ ਵਿਧਾਨ ਸਭਾ ਚੋਣ ਵਿਚ ‘ਆਪ’ 100 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ ਪਰ ਸਿਰਫ਼ 20 ਸੀਟਾਂ ਉਤੇ ਹੀ ਸਿਮਟ ਗਈ। ਖਹਿਰਾ ਸਮੇਤ ਹੋਰ ਬਾਗੀ ਨੇਤਾਵਾਂ ਦਾ ਕਹਿਣਾ ਸੀ ਕਿ ਪੰਜਾਬ ‘ਆਪ’ ਦੀ ਕਮਾਨ ਬਾਹਰੀ ਆਦਮੀਆਂ ਨੂੰ ਸੌਂਪੀ ਗਈ, ਇਸ ਕਾਰਨ ਤੁਹਾਡੀ ਹਾਰ ਹੋਈ।

ਇੰਨੀ ਵੱਡੀ ਹਾਰ ਦੇ ਬਾਵਜੂਦ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਰਾਇਆ ਗਿਆ। ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਕਦੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਸਵੀਕਾਰ ਨਹੀਂ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਲਿਖਿਆ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਤੋਂ ਬਾਅਦ ਵੀ ਉਨ੍ਹਾਂ ਦਾ ਦੋਹਰਾ ਚਰਿੱਤਰ ਸਾਹਮਣੇ ਆਇਆ। ਸੁਖਪਾਲ ਖੈਹਰਾ ਅਪਣੀ ਰਾਜਨੀਤਿਕ ਪਾਰਟੀ ਬਣਾਉਣਾ ਚਾਹੁੰਦੇ ਹਨ।

ਆਮ ਆਦਮੀ ਪਾਰਟੀ ਵਿਚ ਰਹਿੰਦੇ ਹੋਏ ਉਹ ਅਪਣੀ ਰਾਜਨੀਤਿਕ ਪਾਰਟੀ ਦਾ ਗਠਨ ਨਹੀਂ ਕਰ ਸਕਦੇ ਸਨ। ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਵਿਧਾਨ ਸਭਾ ਤੋਂ ਉਨ੍ਹਾਂ ਦੀ ਮੈਂਬਰੀ ਉਤੇ ਖ਼ਤਰਾ ਪੈਦਾ ਹੋ ਸਕਦਾ ਸੀ। ਖਹਿਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਾਘੀ ਮੇਲੇ ਦੇ ਦੌਰਾਨ ਉਹ ਅਪਣੀ ਰਾਜਨੀਤਿਕ ਪਾਰਟੀ ਦਾ ਗਠਨ ਕਰਨਗੇ। ਇਸ ਲਈ ਉਨ੍ਹਾਂ ਨੇ ਉਸ ਤੋਂ ਪਹਿਲਾਂ ‘ਆਪ’ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।

Related Stories