ਨਵੀਂ ਗੱਡੀ ਦੀ ਦੋਸਤਾਂ ਨਾਲ ਪਾਰਟੀ ਕਰਨ ਗਏ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਨਵੀਂ ਗੱਡੀ ਦੀ ਦੋਸਤਾਂ ਨਾਲ ਪਾਰਟੀ ਕਰਨ ਗਏ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਪਟਿਆਲਾ, 5 ਜਨਵਰੀ (ਤੇਜਿੰਦਰ ਫ਼ਤਿਹਪੁਰ): ਦੇਰ ਰਾਤ ਰੇਲਵੇ ਸਟੇਸ਼ਨ ਨਜ਼ਦੀਕ ਢਾਬੇ ਉਤੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ। ਦੂਸਰੀ ਧਿਰ ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਝਗੜੇ ਦੌਰਾਨ ਕੁਨਾਲ ਕੁਮਾਰ, ਸੌਰਵ ਸ਼ਰਮਾ, ਰੋਹਿਤ ਕੁਮਾਰ, ਅਮਿਤ ਸਦਾਨਾ, ਵਾਸੂ ਤੇ ਸਲੀਮ ਜ਼ਖ਼ਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੂਸਰੀ ਧਿਰ ਦੇ ਨੌਜਵਾਨ ਉਥੋਂ ਫ਼ਰਾਰ ਹੋ ਗਏ। ਇਸ ਉਪਰੰਤ ਉੱਥੇ ਮੌਜੂਦ ਰਾਹਗੀਰਾਂ ਨੇ ਤੁਰਤ ਜ਼ਖ਼ਮੀ ਨੌਜਵਾਨਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ਼ ਵਿਖੇ ਭਰਤੀ ਕਰਵਾਇਆ ਜਿੱਥੇ ਜ਼ੇਰੇ ਇਲਾਜ ਕੁਨਾਲ (26) ਵਾਸੀ ਗੁਰਬਖਸ਼ ਕਾਲੋਨੀ ਨੇ ਦਮ ਤੋੜ ਦਿਤਾ।
ਮ੍ਰਿਤਕ ਦੇ ਚਚੇਰੇ ਭਰਾ ਅਮਿਤ ਕੁਮਾਰ ਨੇ ਦਸਿਆ ਕਿ ਉਹ ਮੁੰਬਈ ਫ਼ਿਲਮ ਇੰਡਸਟਰੀ ਵਿਚ ਕੰਮ ਕਰਦਾ ਹੈ। ਕੁੱਝ ਦਿਨ ਪਹਿਲਾਂ ਹੀ ਉਹ ਮੁੰਬਈ ਤੋਂ ਕਾਰ ਖ਼ਰੀਦਣ ਲਈ ਪਰਤਿਆ ਸੀ। ਸਾਰੇ ਰਾਤ ਕਰੀਬ 10 ਵਜੇ ਨਵੀਂ ਕਾਰ ਦੀ ਢਾਬੇ ਉਤੇ ਪਾਰਟੀ ਕਰ ਰਹੇ ਸਨ। ਇਸ ਦੌਰਾਨ ਹਰਤੇਸ਼ਵਰ ਸਿੰਘ ਉਰਫ਼ ਘੋੜਾ ਵਾਸੀ ਰਾਘੋਮਾਜਰਾ ਤੇ ਨੀਰਜ ਉਰਫ਼ ਨਿੰਜਾ ਵਾਸੀ ਪਟਿਆਲਾ ਅਪਣੇ ਹੋਰ ਚਾਰ ਅਣਪਛਾਤੇ ਦੋਸਤਾਂ ਨਾਲ ਆਏ ਹੋਏ ਸਨ, ਜਿਨ੍ਹਾਂ ਨਾਲ ਉਸ ਦੇ ਭਰਾ ਕੁਨਾਲ ਦਾ ਲੰਮੇ ਸਮੇਂ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ।
ਉਸੇ ਰੰਜਿਸ਼ ਨੂੰ ਲੈ ਕੇ ਦੋਵੇਂ ਧੜੇ ਹੱਥੋਂਪਾਈ ਹੋ ਗਏ, ਜਦੋਂ ਕੁਨਾਲ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸ ਉਤੇ ਚਾਕੂ ਤੇ ਕਿਰਚਾਂ ਨਾਲ ਹਮਲਾ ਕਰ ਦਿਤਾ। ਹਮਲਾਵਰਾਂ ਨੂੰ ਰੋਕਣ ਦੀ ਕੋਸਿਸ਼ ਕੀਤੀ ਗਈ ਪਰ ਉਹ ਲਗਾਤਾਰ ਕੁਨਾਲ ਉਤੇ ਚਾਕੂਆਂ ਨਾਲ ਹਮਲਾ ਕਰਦੇ ਰਹੇ ਤੇ ਬਾਕੀਆਂ ਨੂੰ ਵੀ ਜ਼ਖ਼ਮੀ ਕਰ ਦਿਤਾ। ਹਮਲੇ ਦੌਰਾਨ ਜਦੋਂ ਉਹ ਬੇਸੁੱਧ ਹੋ ਕੇ ਜ਼ਮੀਨ ਉਤੇ ਡਿੱਗ ਪਏ ਤਾਂ ਹਮਲਾਵਰ ਉਥੋਂ ਫ਼ਰਾਰ ਹੋ ਗਏ। ਥਾਣਾ ਅਨਾਜ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਮ੍ਰਿਤਕ ਕੁਨਾਲ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਹਰਤੇਸ਼ਵਰ ਉਰਫ਼ ਘੋੜਾ ਵਾਸੀ ਰਾਘੋਮਾਜਰਾ ਨੀਰਜ ਉਰਫ਼ ਨਿੰਜਾ ਵਾਸੀ ਪਟਿਆਲਾ ਤੇ ਚਾਰ ਹੋਰ ਅਣਪਛਾਤਿਆਂ ਵਿਰੁਧ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫੋਟੋ ਨੰ: 5 ਪੀਏਟੀ 1
ਮ੍ਰਿਤਕ ਕੁਨਾਲ ਕੁਮਾਰ ਦੀ ਫਾਈਲ ਫੋਟੋ।
ਕਤਲ ਕਰਨ ਵਾਲੇ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਹੋਏ ਫ਼ਰਾਰ